ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਅਪਰੈਲ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਪਰਮਜੀਤ ਕੌਰ ਅਤੇ ਪ੍ਰਭਦਿਆਲ ਨੇ ਅੱਜ ਪਟਿਆਲਾ ਪਹੁੰਚ ਕੇ ਕਮਿਸ਼ਨ ਨੂੰ ਮਿਲੀਆਂ ਸ਼ਿਕਾਇਤਾਂ ਦੀ ਸੁਣਵਾਈ ਕੀਤੀ।
ਮੈਂਬਰਾਂ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ’ਤੇ ਕਿਸੇ ਵੀ ਤਰ੍ਹਾਂ ਦੀ ਜ਼ਿਆਦਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪੀੜਤਾਂ ਨੂੰ ਨਿਆਂ ਦੇਣ ’ਚ ਹੋ ਰਹੀ ਦੇਰੀ ਸਬੰਧੀ ਕਈ ਅਧਿਕਾਰੀਆਂ ਦੀ ਖਿਚਾਈ ਵੀ ਕੀਤੀ। ਮੈਂਬਰਾਂ ਨੇ ਕੁਝ ਮਾਮਲਿਆਂ ’ਚ ਪੁਲੀਸ ਅਤੇ ਕਈ ਹੋਰ ਵਿਭਾਗਾਂ ਵੱਲੋਂ ਰਿਪੋਰਟਾਂ ਦੇਰੀ ਨਾਲ ਭੇਜੇ ਜਾਣ ਦਾ ਗੰਭੀਰ ਨੋਟਿਸ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਆਂ ਪ੍ਰਬੰਧ ਅਜਿਹੇ ਪੁਖ਼ਤਾ ਕੀਤੇ ਜਾਣ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਨਿਆਂ ਲੈਣ ਲਈ ਕਮਿਸ਼ਨ ਤੱਕ ਪਹੁੰਚਣ ਦੀ ਲੋੜ ਨਾ ਪਵੇ। ਉਨ੍ਹਾਂ ਕਿਹਾ ਕਿ ਜੇ ਕਿਸੇ ਅਧਿਕਾਰੀ ਨੇ ਅਨੁਸੂਚਿਤ ਜਾਤੀਆਂ ਨਾਲ ਜ਼ਿਆਦਤੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਨਾ ਕੀਤੀ ਤਾਂ ਉਸ ਅਧਿਕਾਰੀ ਵਿਰੁੱਧ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨ ਦੇ ਮੈਂਬਰਾਂ ਨੇ ਨਾਭਾ ਦੇ ਪਿੰਡ ਕੁਲਾਰਾਂ ਦੀ ਵਸਨੀਕ ਹਰ ਕੌਰ ਵੱਲੋਂ ਪਿੰਡ ਦੇ ਗੁਰਦੁਆਰੇ ਲਈ ਦਿੱਤੀ ਥਾਂ ਬਦਲੇ ਥਾਂ ਲੈਣ, ਧਰੇੜੀ ਜੱਟਾਂ ਦੇ ਪਰਮਿੰਦਰ ਸਿੰਘ ਦੀ ਕੁੱਟਮਾਰ, ਦੌਣਖੁਰਦ ਦੀ ਪਰਮਜੀਤ ਕੌਰ ਨੂੰ ਜਾਤੀ ਸੂਚਕ ਸ਼ਬਦ ਬੋਲਣ ਅਤੇ ਕੁੱਟਮਾਰ ਕਰਨ, ਮਵੀ ਪਿੰਡ ਦੇ ਅਵਤਾਰ ਸਿੰਘ ਦੀਆਂ ਭੇਡਾਂ ਨੂੰ ਜ਼ਹਿਰ ਦੇ ਕੇ ਮਾਰਨ ਤੇ ਜਾਤੀ ਸੂਚਕ ਸ਼ਬਦ ਬੋਲਣ ਸਮੇਤ ਕਈ ਹੋਰ ਸ਼ਿਕਾਇਤਾਂ ਦੀ ਸੁਣਵਾਈ ਕੀਤੀ। ਕਮਿਸ਼ਨ ਦੇ ਮੈਂਬਰਾਂ ਨੇ ਸਾਰੇ ਮਾਮਲਿਆਂ ’ਚ ਸਮਾਂਬੱਧ ਰਿਪੋਰਟਾਂ ਤਲਬ ਕੀਤੀਆਂ ਹਨ।