ਪੱਤਰ ਪ੍ਰੇਰਕ
ਚੰਡੀਗੜ੍ਹ, 12 ਅਕਤੂਬਰ
ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਨੇ ਮਾਸਟਰ ਕੇਡਰ, ਪੀਈਐੱਸ ਕੇਡਰ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਦੀਆਂ 10 ਅਕਤੂਬਰ 2014 ਦੇ ਗ਼ੈਰ-ਸੰਵਿਧਾਨਕ ਪੱਤਰ ਦੀ ਆੜ ਵਿੱਚ ਗਲਤ ਸੀਨੀਆਰਤਾ ਸੂਚੀਆਂ ਬਣਾਉਣ ਖ਼ਿਲਾਫ਼ 14 ਅਕਤੂਬਰ ਨੂੰ ਸੰਗਰੂਰ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਘਿਰਾਓ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਹੇਠ ਹੋਈ ਜਥੇਬੰਦੀ ਦੀ ਮੀਟਿੰਗ ਕੀਤਾ ਗਿਆ। ਮੀਟਿੰਗ ’ਚ ਲੈਕਚਰਾਰਾਂ ਦੀਆਂ ਤਰੱਕੀਆਂ ਦੇ ਮਾਮਲੇ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਐੱਸ.ਸੀ./ਬੀ.ਸੀ. ਮੁਲਾਜ਼ਮ ਅਤੇ ਵਿਦਿਆਰਥੀ ਵਿਰੋਧੀ ਗਰਦਾਨਿਆ ਗਿਆ। ਪ੍ਰਧਾਨ ਬਲਜੀਤ ਸਿੰਘ ਬਲਾਣਾ, ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਆਦਿ ਨੇ ਕਿਹਾ ਕਿ ਯੂਨੀਅਨ ਆਗੂਆਂ ਨੇ ਡੀਪੀਆਈਜ਼, ਸਿੱਖਿਆ ਸਕੱਤਰ ਪੰਜਾਬ, ਕੌਮੀ ਐੱਸ.ਸੀ./ਐੱਸ.ਟੀ. ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੂੰ ਸੀਨੀਆਰਤਾ ਸੂਚੀਆਂ ਵਿੱਚ ਤਰੁੱਟੀਆਂ ਹੋਣ ਬਾਰੇ ਦੱਸਿਆ ਸੀ। ਕਮਿਸ਼ਨ ਨੇ ਸਿੱਖਿਆ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਨੂੰ ਤਰੁੱਟੀਆਂ ਸੋਧਣ ਉਪਰੰਤ ਹੀ ਤਰੱਕੀਆਂ ਕਰਨ ਦੇ ਲਿਖਤੀ ਹੁਕਮ ਦਿੱਤੇ ਸਨ।
ਆਗੂੁਆਂ ਨੇ ਕਿਹਾ ਕਿ ਸਿੱਖਿਆ ਸਕੱਤਰ ਪੰਜਾਬ ਕਮਿਸ਼ਨ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਲੈਕਚਰਾਰ ਤੋਂ ਪ੍ਰਿੰਸੀਪਲ ਪ੍ਰਮੋਸ਼ਨ ਲਈ ਵਿਭਾਗ ਦੀ ਤਰੱਕੀ ਕਮੇਟੀ ਦੀ 14 ਅਕਤੁੂਬਰ ਨੂੰ ਮੀਟਿੰਗ ਕਰ ਕੇ ਤਰੱਕੀਆਂ ਕਰਨ ਲਈ ਬਜ਼ਿੱਦ ਹਨ।