ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 13 ਮਈ
ਸਾਊਦੀ ਅਰਬ ਦੀ ਜੇਲ੍ਹ ਵਿੱਚ ਕੈਦ ਅਤੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵਿੰਦਰ ਸਿੰਘ ਦੀ ਜਾਨ ਬਚਾਉਣ ਲਈ ਲੋੜੀਂਦੇ ਦੋ ਕਰੋੜ ਰੁਪਏ ਇਕੱਠੇ ਹੋ ਗਏ ਹਨ, ਪਰ ਪੀੜਤ ਪਰਿਵਾਰ ਸਾਹਮਣੇ ਇਸ ਰਕਮ ਨੂੰ ਸਾਊਦੀ ਅਰਬ ਦੇ ਸਰਕਾਰੀ ਖਾਤੇ ਵਿੱਚ ਪਾਉਣ ਦੀ ਸਮੱਸਿਆ ਖੜ੍ਹੀ ਹੋ ਗਈ। ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਹਰਦੀਪ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਮਦਦ ਲਈ ਕੀਤੀ ਗਈ ਅਪੀਲ ਮਗਰੋਂ ਦੇਸ਼-ਵਿਦੇਸ਼ ਤੋਂ ਲੋਕਾਂ ਨੇ ਸਹਿਯੋਗ ਦਿੱਤਾ ਤੇ ਅਖੀਰ ਬਲਵਿੰਦਰ ਦੀ ਜਾਨ ਬਚਾਉਣ ਲਈ ਮੰਗੇ ਦੋ ਕਰੋੜ ਰੁਪਏ ਇਕੱਠੇ ਹੋ ਗਏ ਹਨ। ਪਰ ਜਿਸ ਖਾਤੇ ਵਿੱਚ ਇਹ ਰਕਮ ਜਮ੍ਹਾਂ ਹੈ, ਉਸ ਰਾਹੀਂ ਸਾਊਦੀ ਅਰਬ ਦੇ ਸਰਕਾਰੀ ਖਾਤੇ ਵਿੱਚ ਪੈਸੇ ਭੇਜਣ ਵਿੱਚ ਦਿੱਕਤ ਪੇਸ਼ ਆ ਰਹੀ ਸੀ। ਇਸ ਮਗਰੋਂ ਪਰਿਵਾਰ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ, ਜਿਥੇ ਅਧਿਕਾਰੀਆਂ ਵੱਲੋਂ ਪਰਿਵਾਰ ਦੀ ਮਦਦ ਕਰਨ ਲਈ ਕਾਰਵਾਈ ਆਰੰਭ ਦਿੱਤੀ ਹੈ।
ਦੱਸਣਯੋਗ ਹੈ ਕਿ ਬਲਵਿੰਦਰ ਸਿੰਘ ਪਿੰਡ ਮੱਲਣ ਦਾ ਵਸਨੀਕ ਹੈ ਤੇ ਉਹ ਸਾਲ 2008 ਵਿੱਚ ਸਾਊਦੀ ਅਰਬ ਗਿਆ ਸੀ। ਉਥੇ ਇੱਕ ਕਤਲ ਦੇ ਮਾਮਲੇ ਵਿੱਚ ਉਸ ’ਤੇ ਕੇਸ ਦਰਜ ਹੋਇਆ ਸੀ। ਸਾਲ 2018 ਵਿੱਚ ਇਸ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਬਲਵਿੰਦਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਤੇ ਇਸ ਸਜ਼ਾ ਤੋਂ ਬਚਣ ਲਈ ਪੀੜਤ ਪਰਿਵਾਰ ਨੂੰ ਦੋ ਕਰੋੜ ਰੁਪਏ ਬਲੱਡ ਮਨੀ ਵਜੋਂ ਦੇਣ ਦਾ ਹੁਕਮ ਸੁਣਾਇਆ ਸੀ। ਬਲਵਿੰਦਰ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਹੈ। ਬਲਵਿੰਦਰ ਦੇ ਭਰਾ ਪਰਗਟ ਸਿੰਘ ਅਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਿੱਟੂ ਮੱਲਣ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਪੈਸੇ ਭੇਜਣ ਦਾ ਫੌਰੀ ਪ੍ਰਬੰਧ ਕੀਤਾ ਜਾਵੇ ਕਿਉਂਕਿ ਰਕਮ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 15 ਮਈ ਹੈ।
ਵਿਦੇਸ਼ ਵਿਭਾਗ ਨੇ ਰਕਮ ਭੇਜਣ ਲਈ ਜਾਰੀ ਕੀਤਾ ਪੱਤਰ
ਡਰੱਗ ਮਨੀ ਸਾਊਦੀ ਅਰਬ ਭਿਜਵਾਉਣ ਲਈ ਪੀੜਤ ਪਰਿਵਾਰ ਤੇ ਕੁਝ ਮੋਹਤਬਰਾਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਕੋਲ ਪਹੁੰਚ ਕੀਤੀ ਹੈ। ਵਿਭਾਗ ਦੇ ਸਹਾਇਕ ਅਕਾਊਂਟ ਅਫ਼ਸਰ ਦਿਨੇਸ਼ ਚੰਦਰਾ ਨੇ ਪਾਰਲੀਮੈਂਟ ਸਟਰੀਟ ਦੇ ਭਾਰਤੀ ਸਟੇਟ ਬੈਂਕ ਵਿਚਲੇ ਭਾਰਤ ਸਰਕਾਰ ਦੇ ਵਿਦੇਸ਼ ਵਿਭਾਗ ਦੇ ਖਾਤੇ ਰਾਹੀਂ ਦੋ ਕਰੋੜ ਰੁਪਏ ਦੀ ਰਕਮ ਸਾਊਦੀ ਅਰਬ ਭੇਜਣ ਲਈ ਪੱਤਰ ਜਾਰੀ ਕਰ ਦਿੱਤਾ ਹੈ।