ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਮਈ
ਵਿਧਾਨ ਸਭਾ ਹਲਕਾ ਗਿਦੜਬਾਹਾ ਦੇ ਪਿੰਡ ਮੱਲਣ ਦਾ ਬਲਵਿੰਦਰ ਸਿੰਘ ਇਸ ਵੇਲੇ ਸਾਊਦੀ ਅਰਬ ਦੀ ਜੇਲ੍ਹ ਵਿੱਚ ਕੈਦ ਹੈ ਤੇ ਅਦਾਲਤ ਨੇ 15 ਮਈ ਨੂੰ ਉਸ ਦਾ ਸਿਰ ਕਲਮ ਕਰਨ ਦਾ ਹੁਕਮ ਜਾਰੀ ਕੀਤਾ ਹੋਇਆ ਹੈ। ਅਦਾਲਤ ਨੇ ਬਲਵਿੰਦਰ ਨੂੰ ਮੌਤ ਦੀ ਸਜ਼ਾ ਤੋਂ ਬਚਣ ਲਈ 2 ਕਰੋੜ ਰੁਪਏ ਦੀ ਬਲੱਡ ਮਨੀ ਭਰਨ ਦਾ ਰਾਹ ਵੀ ਦਿੱਤਾ ਹੈ। ਸੋਸ਼ਲ ਮੀਡੀਆ ਤੇ ਹੋਰ ਸਾਧਨਾਂ ਰਾਹੀਂ ਬਲਵਿੰਦਰ ਦਾ ਪਰਿਵਾਰ ਹੁਣ ਤੱਕ ਡੇਢ ਕਰੋੜ ਰੁਪਏ ਇਕੱਠੇ ਕਰ ਚੁੱਕਾ ਹੈ, ਪਰ ਹਾਲੇ ਵੀ 55 ਲੱਖ ਰੁਪਏ ਦੀ ਲੋੜ ਹੈ। ਬਲਵਿੰਦਰ ਦੇ ਭਰਾ ਪ੍ਰਗਟ ਸਿੰਘ ਨੇ ਦੱਸਿਆ ਕਿ ਬਲਵਿੰਦਰ 2008 ਵਿੱਚ ਸਾਊਦੀ ਅਰਬ ਗਿਆ ਸੀ। ਉਥੇ ਇਕ ਸੜਕ ਦੁਰਘਟਨਾ ਸਬੰਧੀ ਉਸ ’ਤੇ ਮੁਕੱਦਮਾ ਦਰਜ ਹੋ ਗਿਆ ਤੇ ਉਥੋਂ ਦੇ ਕਾਨੂੰਨ ਅਨੁਸਾਰ ਬਲਵਿੰਦਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਅੱਜ ਪ੍ਰਗਟ ਸਿੰਘ, ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਿੱਟੂ ਮੱਲਣ ਤੇ ਹੋਰਨਾਂ ਨੇ ਏਡੀਸੀ ਨੂੰ ਪੱਤਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਬਾਕੀ ਰਕਮ ਸਰਕਾਰੀ ਖਜ਼ਾਨੇ ਵਿੱਚੋਂ ਜਾਰੀ ਕਰਵਾਉਣ।
ਲੁਧਿਆਣਾ (ਗੁਰਿੰਦਰ ਸਿੰਘ): ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਾਊਦੀ ਅਰਬ ਦੇ ਬਾਦਸ਼ਾਹ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਨੂੰ ਵਿਸ਼ੇਸ਼ ਪੱਤਰ ਈਮੇਲ ਰਾਹੀਂ ਭੇਜ ਕੇ ਬਲਵਿੰਦਰ ਦੀ ਮੌਤ ਦੀ ਸਜ਼ਾ ਮੁਆਫ਼ ਕਰਨ ਦੀ ਅਪੀਲ ਕੀਤੀ ਹੈ।
ਸਰਬੱਤ ਦਾ ਭਲਾ ਟਰਸਟ ਵੱਲੋਂ 20 ਲੱਖ ਰੁਪਏ ਦੇਣ ਦਾ ਐਲਾਨ
ਅੰਮ੍ਰਿਤਸਰ (ਟਨਸ): ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵਿੰਦਰ ਸਿੰਘ ਦੀ ਜਾਨ ਬਚਾਉਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬਲੱਡ ਮਨੀ ਲਈ 20 ਲੱਖ ਰੁਪਏ ਦੀ ਰਕਮ ਦੇਣ ਦਾ ਫੈ਼ਸਲਾ ਕੀਤਾ ਹੈ। ਇਸ ਸਬੰਧੀ ਟਰੱਸਟ ਮੁਖੀ ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਬਲਵਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਟਰਸਟ ਨਾਲ ਸੰਪਰਕ ਕੀਤਾ ਸੀ।