ਗੁਰਿੰਦਰ ਸਿੰਘ
ਲੁਧਿਆਣਾ, 22 ਜਨਵਰੀ
ਦਿੱਲੀ ਦੇ ਸਨਅਤ ਅਤੇ ਸਿਹਤ ਵਿਭਾਗ ਦੇ ਮੰਤਰੀ ਸਤਿੰਦਰ ਜੈਨ ਨੇ ਕਿਹਾ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਦੋਸਤਾਨਾ ਵਪਾਰਕ ਮਾਹੌਲ ਬਣਾਉਣ ਦੇ ਨਾਲ ਨਾਲ ਹੋਰ ਸਰਕਾਰੀ ਹਸਪਤਾਲਾਂ ਦੀ ਉਸਾਰੀ ਕਰਕੇ ਪਹਿਲਾਂ ਤੋਂ ਹੀ ਚੱਲ ਰਹੇ ਬਿਮਾਰ ਸਰਕਾਰੀ ਹਸਪਤਾਲ ਦਾ ਇਲਾਜ ਵੀ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਉਹ ਅੱਜ ਵਿਧਾਨ ਸਭਾ ਹਲਕਾ ਉੱਤਰੀ ਨਾਲ ਸਬੰਧਤ ਦੋ ਦਰਜਨ ਤੋਂ ਵੱਧ ਹੌਜ਼ਰੀ, ਸਨਅਤ ਤੇ ਵਪਾਰਕ ਸੰਗਠਨਾਂ ਦੇ ਪ੍ਰਤੀਨਿਧਾਂ ਨਾਲ ਮੁਲਾਕਾਤ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਹਲਕਾ ਉੱਤਰੀ ਤੋਂ ‘ਆਪ’ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਤੇ ਵੱਖ-ਵੱਖ ਆਗੂਆਂ ਨੇ ਸਨਅਤ ਅਤੇ ਵਪਾਰ ਸਬੰਧੀ ਸਮੱਸਿਆਵਾਂ ਬਾਰੇ ਦੱਸਿਆ। ਸ੍ਰੀ ਜੈਨ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਹੈਬੋਵਾਲ ਦੇ ਡਰੀਮ ਲੇਨ ਇਲਾਕੇ ਵਿੱਚ ਡੋਰ-ਟੂ-ਡੋਰ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਮਹਿੰਗੇ ਇਲਾਜ ਦੀ ਸਮੱਸਿਆ ਬਾਰੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ ਸਸਤਾ ਹੀ ਨਹੀਂ ਸਗੋਂ ਮੁਫ਼ਤ ਇਲਾਜ ਦਿੱਤਾ ਜਾਵੇਗਾ। ਉਨ੍ਹਾਂ ਚਾਰ ਨਵੇਂ ਹਸਪਤਾਲਾਂ ਦੇ ਨਾਲ ਨਾਲ ਬਲਾਕ ਅਤੇ ਵਾਰਡ ਪੱਧਰ ਉੱਤੇ ਮੁਹੱਲਾ ਕਲੀਨਿਕ ਦਾ ਵੀ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ। ਵਿਧਾਨ ਸਭਾ ਉੱਤਰੀ ਤੋਂ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ‘ਆਪ’ ਦਾ ਮਕਸਦ ਸੱਤਾ ਸੁੱਖ ਹਾਸਲ ਕਰਨਾ ਨਹੀਂ ਸਗੋਂ ਆਮ ਲੋਕਾਂ ਨੂੰ ਸੱਤਾ ਸੁੱਖ ਦਾ ਅਹਿਸਾਸ ਕਰਵਾ ਕੇ ਭ੍ਰਿਸ਼ਟ ਸਿਸਟਮ ਵਿੱਚ ਸੁਧਾਰ ਕਰਨਾ ਹੈ।