ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 10 ਮਾਰਚ
ਰਾਖਵਾਂ ਹਲਕਾ ਜਗਰਾਉਂ ਤੋਂ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਉਪ ਨੇਤਾ ਰਹੇ ਸਰਵਜੀਤ ਕੌਰ ਮਾਣੂੰਕੇ 39,656 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ ਹਨ। ਚੋਣ ਨਤੀਜਿਆਂ ਵਿੱਚ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਐੱਸਆਰ ਕਲੇਰ ਦੂਸਰੇ ਤੇ ਕਾਂਗਰਸ ਦੇ ਜਗਤਾਰ ਸਿੰਘ ਜੱਗਾ ਹਿੱਸੋਵਾਲ ਤੀਜੇ ਸਥਾਨ ’ਤੇ ਰਹੇ। ਹਲਕੇ ’ਚ ਕੁੱਲ 1,25,702 ਵੋਟਾਂ ਪਈਆਂ। ਜਿਨ੍ਹਾਂ ਵਿੱਚੋਂ ਜਗਰਾਉਂ ਤੋਂ ਆਮ ਆਦਮੀ ਪਾਰਟੀ ਨੂੰ 65,195 ਵੋਟਾਂ, ਅਕਾਲੀ-ਬਸਪਾ ਗਠਜੋੜ ਦੇ ਐੱਸਆਰ ਕਲੇਰ ਨੂੰ 25,539 ਤੇ ਕਾਂਗਰਸ ਦੇ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ 20,878 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਭਾਜਪਾ ਦੇ ਕੰਵਰ ਨਰਿੰਦਰ ਸਿੰਘ ਨੂੰ 4,476 ਵੋਟਾਂ ਮਿਲੀਆਂ।
ਅਕਾਲੀ ਦਲ (ਅੰਮ੍ਰਿਤਸਰ) ਦੇ ਪਰਵਾਰ ਸਿੰਘ ਡੱਲਾ 5,179 ਵੋਟਾਂ ਲਿਜਾਣ ’ਚ ਸਫ਼ਲ ਰਹੇ ਜਦਕਿ ਸੰਯੁਕਤ ਸਮਾਜ ਮੋਰਚੇ ਵੱਲੋਂ ਖੜ੍ਹੇ ਕੁਲਦੀਪ ਸਿੰਘ ਡੱਲਾ ਨੂੰ ਸਿਰਫ਼ 1,397 ਵੋਟਾਂ ਮਿਲੀਆਂ। ਇਸੇ ਤਰ੍ਹਾਂ ਲੋਕ ਇਨਸਾਫ਼ ਪਾਰਟੀ ਦੀ ਉਮੀਦਵਾਰ ਤੇਜਿੰਦਰ ਕੌਰ ਤੇਜੀ ਸੰਧੂ ਨੂੰ ਸਿਰਫ 478 ਵੋਟਾਂ ਮਿਲੀਆਂ, ਜੋ ਨੋਟਾ ਨੂੰ ਪਈਆਂ 1,057 ਵੋਟਾਂ ਨਾਲੋਂ ਵੀ ਘੱਟ ਹਨ।
ਸਰਵਜੀਤ ਕੌਰ ਮਾਣੂੰਕੇ ਨੇ ਰਾਖਵਾਂ ਹਲਕਾ ਜਗਰਾਉਂ ਤੋਂ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ ਹੈ। 2017 ਵਿੱਚ ਉਨ੍ਹਾਂ 26 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ, ਜਦਕਿ ਇਸ ਵਾਰ ਇਹ ਫਰਕ 39,556 ਵੋਟਾਂ ਦਾ ਰਿਹਾ। ਪੋਸਟ ਗਰੈਜੂਏਟ ਸਰਵਜੀਤ ਕੌਰ ਮਾਣੂੰਕੇ ਸਿਆਸਤ ’ਚ ਕੁੱਦਣ ਤੋਂ ਪਹਿਲਾਂ ਅਧਿਆਪਕਾ ਸਨ। ਜਿੱਤ ਦਾ ਐਲਾਨ ਹੋਣ ਮਗਰੋਂ ਸਰਵਜੀਤ ਕੌਰ ਮਾਣੂੰਕੇ ਸਭ ਤੋਂ ਪਹਿਲਾਂ ਨਾਨਕਸਰ ਕਲੇਰਾਂ ਵਿਖੇ ਨਤਮਸਤਕ ਹੋਣ ਪਹੁੰਚੇ। ਇਥੇ ਉਨ੍ਹਾਂ ਮੱਥਾ ਟੇਕਿਆ ਤੇ ਸ਼ੁਕਰਾਨਾ ਕਰਨ ਮਗਰੋਂ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬਦਲਾਅ ਲਈ ‘ਆਪ’ ਦੇ ਹੱਕ ’ਚ ਫ਼ਤਵਾ ਦਿੱਤਾ ਹੈ ਅਤੇ ਨਵੀਂ ਬਣਨ ਵਾਲੀ ਸਰਕਾਰ ਵੀ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਉਤਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਆਖਿਆ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਿਹੜੀਆਂ ਗਾਰੰਟੀਆਂ ਪੰਜਾਬੀਆਂ ਨੂੰ ਦਿੱਤੀਆਂ, ਉਹ ਸਰਕਾਰ ਬਣਨ ਤੋਂ ਬਾਅਦ ਲਾਗੂ ਕੀਤੀਆਂ ਜਾਣਗੀਆਂ।
ਮਾਣੂੰਕੇ ਬਣਨਗੇ ਕੈਬਨਿਟ ਮੰਤਰੀ?
ਸਿਆਸਤ ਵਿੱਚ ‘ਆਪ’ ਰਾਹੀਂ ਕਦਮ ਰੱਖਣ ਅਤੇ ਪਿਛਲੀ ਵਾਰ ਜਗਰਾਉਂ ਤੋਂ ਵਿਧਾਇਕ ਚੁਣੇ ਗਏ ਬੀਬੀ ਮਾਣੂੰਕੇ ਦੇ ਕੈਬਨਿਟ ਮੰਤਰੀ ਬਣਨ ਦੇ ਆਸਾਰ ਹਨ। ਇਸ ਦੇ ਤਿੰਨ ਚਾਰ ਮੁੱਖ ਕਾਰਨ ਜਿਨ੍ਹਾਂ ’ਚੋਂ ਇਕ ਉਹ ‘ਆਪ’ ਦਾ ਦਲਿਤ ਚਿਹਰਾ ਹਨ, ਦੂਜਾ ਪਹਿਲਾਂ ਵੀ ਵਿਰੋਧੀ ਧਿਰ ਦੇ ਉਪ ਨੇਤਾ ਰਹੇ ਅਤੇ ਪੜ੍ਹੇ ਲਿਖੇ ਮਹਿਲਾ ਆਗੂ ਹਨ। ਇਸ ਤੋਂ ਇਲਾਵਾ ਲਗਾਤਾਰ ਦੂਜੀ ਵਾਰ ਇਕੋ ਹਲਕੇ ਤੋਂ ਵੱਡੇ ਫਰਕ ਨਾਲ ਚੋਣ ਜਿੱਤੇ ਹਨ।