ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ/ਮੋਗਾ, 6 ਅਕਤੂਬਰ
ਪਿੰਡ ਡਾਲਾ ਦੀ ਸਰਪੰਚ ਕੁਲਦੀਪ ਕੌਰ ਇਨਸਾਫ਼ ਲੈਣ ਲਈ ਅੱਜ ਪਿੰਡ ਵਿਚਲੀ ਪੰਜਾਹ ਫੁੱਟ ਉੱਚੀ ਪਾਣੀ ਵਾਲੀ ਟੈਂਕੀ ’ਤੇ ਸਪਰੇਅ ਵਾਲੀ ਦਵਾਈ ਲੈ ਕੇ ਚੜ੍ਹ ਗਈ। ਇਸ ਬਾਰੇ ਪਤਾ ਲਗਦਿਆਂ ਹੀ ਪਿੰਡ ਵਾਸੀ ਇਕੱਠੇ ਹੋ ਗਏ। ਕੁਲਦੀਪ ਕੌਰ ਨੇ ਪਿੰਡ ਦੇ ਸੁਖਵੀਰ ਸਿੰਘ, ਸਤਨਾਮ ਸਿੰਘ ਆਦਿ ’ਤੇ ਉਸ ਦੇ ਘਰੋਂ ਚੈੱਕ ਚੋਰੀ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੂੰ ਥਾਣਿਆਂ ਵਿੱਚ ਖੱਜਲ-ਖੁਆਰ ਕੀਤਾ ਗਿਆ ਤੇ ਝੂਠੇ ਕੇਸ ਪਵਾਏ ਗਏ ਹਨ। ਉਹ ਇਨਸਾਫ਼ ਨਾ ਮਿਲਣ ਕਰਕੇ ਹੀ ਟੈਂਕੀ ਉੱਤੇ ਚੜ੍ਹੀ ਹੈ। ਮਾਮਲੇ ਦਾ ਪਤਾ ਲੱਗਦਿਆਂ ਹੀ ਥਾਣਾ ਮਹਿਣਾ ਦੇ ਪੁਲੀਸ ਮੁਖੀ ਇਕਬਾਲ ਹੁਸੈਨ ਘਟਨਾ ਸਥਾਨ ’ਤੇ ਪੁੱਜੇ ਤੇ ਮਹਿਲਾ ਸਰਪੰਚ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਹੇਠਾਂ ਉਤਾਰਨ ਦੇ ਯਤਨ ਕੀਤੇ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਹੀ ਸੁਖਵੀਰ ਸਿੰਘ ਨੇ ਕਮੇਟੀਆਂ ਦੇ ਮਾਮਲੇ ਵਿੱਚ ਮੋਗਾ ਦੇ ਐੱਸਐੱਸਪੀ ਨੂੰ ਸਰਪੰਚ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਉਸ ਨੇ ਕਿਹਾ ਕਿ ਪਿੰਡ ਦੀ ਸਰਪੰਚ ਕੁਲਦੀਪ ਕੌਰ ਕੋਲ ਪੰਜ-ਪੰਜ ਲੱਖ ਰੁਪਏ ਦੀਆਂ ਦੋ ਕਮੇਟੀਆਂ ਪਾਈਆਂ ਸਨ ਜਿਨ੍ਹਾਂ ਦੀਆਂ 17 ਕਿਸ਼ਤਾਂ ਉਸ ਨੇ ਕੁਲਦੀਪ ਕੌਰ ਨੂੰ ਦਿੱਤੀਆਂ ਸਨ। ਉਸ ਨੇ ਸਰਪੰਚ ਉੱਤੇ ਕਮੇਟੀਆਂ ਦੇ ਪੈਸੇ ਨਾ ਮੋੜਨ ਦੇ ਦੋਸ਼ ਲਾਏ ਸਨ। ਮਾਮਲੇ ਦੀ ਜਾਂਚ ਪਿੱਛੋਂ ਮਹਿਣਾ ਪੁਲੀਸ ਨੇ ਸਰਪੰਚ ਕੁਲਦੀਪ ਕੌਰ ਖਿਲਾਫ ਠੱਗੀ ਮਾਰਨ ਦਾ ਮਾਮਲਾ ਦਰਜ ਕਰ ਲਿਆ ਸੀ। ਥਾਣਾ ਮੁਖੀ ਇਕਬਾਲ ਹੁਸੈਨ ਨੇ ਸਰਪੰਚ ਕੁਲਦੀਪ ਕੌਰ ਨੂੰ ਇਨਸਾਫ਼ ਦਾ ਭਰੋਸਾ ਦੇ ਕੇ ਟੈਂਕੀ ਤੋਂ ਹੇਠਾਂ ਉਤਾਰਿਆ।