ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਸਤੰਬਰ
ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੈਨੇਡਾ ਵਿੱਚ ਬਿਨਾਂ ਪ੍ਰਵਾਨਗੀ ਸਰੂਪ ਛਾਪਣ ਵਾਲਿਆਂ ਨੂੰ ਆਦੇਸ਼ ਕੀਤਾ ਹੈ ਕਿ ਪਾਵਨ ਸਰੂਪ ਛਾਪਣ ਲਈ ਪੀਡੀਐੱਫ ਫਾਈਲ ਵਾਲੀ ਪੈੱਨ ਡਰਾਈਵ ਕਿਸ ਕੋਲੋਂ ਅਤੇ ਕਿੱਥੋਂ ਪ੍ਰਾਪਤ ਕੀਤੀ ਹੈ, ਬਾਰੇੇ ਸ੍ਰੀ ਅਕਾਲ ਤਖ਼ਤ ’ਤੇ 15 ਦਿਨਾਂ ਵਿੱਚ ਜਵਾਬ ਭੇਜਿਆ ਜਾਵੇ। ਇਸ ਤੋਂ ਪਹਿਲਾਂ ਇਨ੍ਹਾਂ ਕੋਲੋਂ ਪਾਵਨ ਸਰੂਪ ਛਾਪਣ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ ਸੀ। ਸ੍ਰੀ ਅਕਾਲ ਤਖ਼ਤ ਤੋਂ ਇਸ ਸਬੰਧ ਵਿੱਚ ਕੈਨੇਡਾ ਵਾਸੀ ਰਿਪੂਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ, ਸਰੀ (ਬੀਸੀ) ਨੂੰ ਪੱਤਰ ਵੀ ਭੇਜਿਆ ਗਿਆ ਹੈ। ਇਨ੍ਹਾਂ ਦੋਵਾਂ ਨੂੰ ਆਖਿਆ ਹੈ ਕਿ ਉਹ ਦੱਸਣ ਕਿ ਇਹ ਪੀਡੀਐੱਫ ਫਾਈਲ ਵਾਲੀ ਪੈੱਨ ਡਰਾਈਵ ਕਿਸ ਕੋਲੋਂ ਅਤੇ ਕਿੱਥੋਂ ਪ੍ਰਾਪਤ ਕੀਤੀ ਸੀ। ਇਸ ਸਬੰਧੀ ਸਮੁੱਚੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ 15 ਦਿਨਾਂ ਵਿਚ ਭੇਜੀ ਜਾਵੇ। ਮਿਲੇ ਵੇਰਵਿਆਂ ਮੁਤਾਬਕ ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਵੱਲੋਂ ਕੀਤੇ ਆਦੇਸ਼ ਅਨੁਸਾਰ ਇਨ੍ਹਾਂ ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਛਾਪੇ ਗਏ ਸਰੂਪ ਅਤੇ ਛਪਾਈ ਲਈ ਵਰਤੀ ਗਈ ਮਸ਼ੀਨਰੀ ਸਮੇਤ ਪੀਡੀਐੱਫ ਫਾਈਲ ਪੈੱਨ ਡਰਾਈਵ ਗੁਰਦੁਆਰਾ ਗੁਰੂ ਨਾਨਕ ਸਿੱਖ ਸੁਸਾਇਟੀ ਸਰੀ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਵੱਲੋਂ ਇੱਕ ਮਹੀਨੇ ਵਿੱਚ ਮੰਗਿਆ ਸਪੱਸ਼ਟੀਕਰਨ ਵੀ ਭੇਜ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹਨ ਅਤੇ ਇਸ ਮਾਮਲੇ ਵਿੱਚ ਜੋ ਵੀ ਆਦੇਸ਼ ਹੋਵੇਗਾ, ਉਸ ਨੂੰ ਪੂਰਾ ਕਰਨਗੇ। ਉਨ੍ਹਾਂ ਨੇ ਹੁਣ ਤੱਕ 50 ਤੋਂ ਵੱਧ ਸਰੂਪ ਛਾਪੇ ਸਨ, ਜੋ ਉਨ੍ਹਾਂ ਨੇ ਗੁਰਦੁਆਰੇ ਵਿੱਚ ਸੌਂਪ ਦਿੱਤੇ ਹਨ।