ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਫਰਵਰੀ
ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਸ ਵਾਰ ਪੰਜਾਬੀ ਖਾਸ ਕਰ ਕੇ ਸਿੱਖ, ਅਕਾਲੀ ਦਲ ਨੂੰ ਛੱਡ ਕੇ ਕਿਸੇ ਹੋਰ ਸਿੱਖ ਹਿਤੈਸ਼ੀ ਪਾਰਟੀ ਨੂੰ ਵੋਟ ਦੇਣ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਕਮੇਟੀ ਦੀ ਚੋਣ ਦੌਰਾਨ ਗੁਰਦੁਆਰੇ ਵਿਚ ਪੁਲੀਸ ਭੇਜਣ ਲਈ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈ। ਇਸ ਨਾਲ ਮਰਿਆਦਾ ਦੀ ਉਲੰਘਣਾ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਮੈਂਬਰਾਂ ਦੇ ਦਸਤਖਤਾਂ ਹੇਠ ਇੱਕ ਪੱਤਰ ਭੇਜ ਕੇ ਪੁਲੀਸ ਨੂੰ ਸਿੱਖ ਮਾਮਲਿਆਂ ਵਿਚ ਦਖਲਅੰਦਾਜ਼ੀ ਲਈ ਸੱਦਿਆ ਗਿਆ। ਇਸ ਮਾਮਲੇ ਵਿਚ ਹੁਣ ਤਕ ਅਕਾਲ ਤਖਤ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਕੋਈ ਪੁੱਛ-ਪੜਤਾਲ ਨਹੀਂ ਕੀਤੀ ਗਈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਇਸ ਦਾ ਕੋਈ ਨੋਟਿਸ ਨਹੀਂ ਲਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਵਿਚਾਲੇ ਹਾਲ ਹੀ ’ਚ ਹੋਈ ਬੰਦ ਕਮਰਾ ਮੀਟਿੰਗ ਬਾਰੇ ਸਰਨਾ ਨੇ ਕਿਹਾ ਕਿ ਇਸ ਮੀਟਿੰਗ ਦੇ ਵੇਰਵੇ ਹੁਣ ਤਕ ਸਿੱਖ ਜਨਤਕ ਕਿਉਂ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਦਾ ਅਹਿਮ ਨੁਮਾਇੰਦਾ ਸਿੱਖਾਂ ਦੇ ਸਰਬਉੱਚ ਧਾਰਮਿਕ ਆਗੂ ਨੂੰ ਮਿਲਣ ਆਇਆ ਤਾਂ ਇਸ ਬਾਰੇ ਸਿੱਖ ਸੰਗਤ ਨੂੰ ਜਾਣਕਾਰੀ ਦੇਣਾ ਜ਼ਰੂਰੀ ਹੈ। ਕੇਂਦਰੀ ਗ੍ਰਹਿ ਮੰਤਰੀ ਕੋਲ ਸਿੱਖ ਮਾਮਲੇ ਰੱਖੇ ਗਏ ਜਾਂ ਨਹੀਂ ਤੇ ਉਨ੍ਹਾਂ ਬਾਰੇ ਕੇਂਦਰ ਸਰਕਾਰ ਦਾ ਕੀ ਜਵਾਬ ਹੈ, ਸਿੱਖ ਸੰਗਤ ਨੂੰ ਦੱਸਣਾ ਚਾਹੀਦਾ ਹੈ। ਉਨ੍ਹਾਂ ਇਤਰਾਜ਼ ਪ੍ਰਗਟਾਇਆ ਕਿ ਇਸ ਮੀਟਿੰਗ ਵਿਚ ਬਾਕੀ ਤਖਤਾਂ ਦੇ ਜਥੇਦਾਰਾਂ ਨੂੰ ਕਿਉਂ ਨਹੀਂ ਸੱਦਿਆ ਗਿਆ।