ਪਾਲ ਸਿੰਘ ਨੌਲੀ
ਜਲੰਧਰ, 28 ਜਨਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਬਾਦਲ ਦਲ ਵੱਲੋਂ ਪੁਲੀਸ ਭੇਜਣ ਦੇ ਰੋਸ ਵਜੋਂ ਦਿੱਲੀ ਕਮੇਟੀ ਦੇ ਦੋ ਸਾਬਕਾ ਪ੍ਰਧਾਨਾਂ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਨੇ ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕੀਤੀ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵੇਂ ਆਗੂਆਂ ਨੇ ਕਿਹਾ ਕਿ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਆਪਣੇ ਮੈਂਬਰਾਂ ਦੀ ਕ੍ਰਾਸ ਵੋਟਿੰਗ ਦੇ ਖਦਸ਼ੇ ਨੂੰ ਠੱਲ੍ਹਣ ਵਾਸਤੇ ਵਿਰੋਧੀ ਧਿਰ ਦੇ ਕਮੇਟੀ ਮੈਂਬਰਾਂ ਨੂੰ ਬਾਹਰ ਰੱਖਣ ਦਾ ਟੀਚਾ ਮਿੱਥਿਆ ਗਿਆ ਸੀ। ਇਸ ਸਬੰਧੀ ਕਾਲਕਾ ਨੇ ਪੁਲੀਸ ਮੰਗਵਾਉਣ ਲਈ 30 ਮੈਂਬਰਾਂ ਦੇ ਦਸਤਖਤਾਂ ਨਾਲ ਡਾਇਰੈਕਟਰ ਦਿੱਲੀ ਗੁਰਦੁਆਰਾ ਚੋਣ ਬੋਰਡ ਨੂੰ ਪੱਤਰ ਲਿਖਿਆ, ਜਿਸ ਵਿੱਚ 29ਵੇਂ ਨੰਬਰ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਸਤਖ਼ਤ ਵੀ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚਲਦੇ ਇਜਲਾਸ ਵਿੱਚ ਪਹਿਲਾਂ ਕਾਬਜ਼ ਧਿਰ ਵੱਲੋਂ ਇੱਕ ਵੋਟ ਨੂੰ ਲੈ ਕੇ ਬੇਲੋੜਾ ਵਿਚਾਰਕ ਟਕਰਾਅ ਪੈਦਾ ਕੀਤਾ ਗਿਆ ਤੇ ਫਿਰ ਆਪਣੀ ਜ਼ਿੱਦ ਪੁਗਾਉਣ ਲਈ 11 ਘੰਟੇ ਤੱਕ ਪੁਲੀਸ ਬੁਲਾਈ ਗਈ।
ਸਰਨਾ ਨੇ ਦੱਸਿਆ ਕਿ ਦਿੱਲੀ ਕਮੇਟੀ ਦਫ਼ਤਰ ਵਿੱਚ ਜੁੱਤੀਆਂ ਸਣੇ ਵਰਦੀਧਾਰੀ ਪੁਲੀਸ ਵਾੜੀ ਗਈ। ਸਰਨਾ ਅਤੇ ਜੀਕੇ ਨੇ ਇਸ ਮਾਮਲੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦੀ ਚੁੱਪ ’ਤੇ ਸਵਾਲ ਖੜ੍ਹੇ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫਾ ਮੰਗਿਆ ਹੈ।