ਬਲਜੀਤ ਸਿੰਘ
ਸਰਦੂਲਗੜ੍ਹ, 19 ਜਨਵਰੀ
ਹਰਿਆਣਾ ਦੀ ਹੱਦ ਨਾਲ ਲੱਗਦਾ ਹਲਕਾ ਸਰਦੂਲਗੜ੍ਹ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਹਲਕੇ ਦੀ ਵੱਡੀ ਸਮੱਸਿਆ ਘੱਗਰ ਵਿੱਚ ਵਗਦਾ ਕਾਲੇ ਸ਼ੋਰੇ ਵਾਲਾ ਦੂਸ਼ਿਤ ਪਾਣੀ, ਟੇਲ ’ਤੇ ਪੈਂਦੇ ਪਿੰਡਾਂ ਨੂੰ ਪੀਣ ਅਤੇ ਸਿੰਜਾਈ ਲਈ ਨਹਿਰੀ ਪਾਣੀ ਦੀ ਵੱਡੀ ਘਾਟ, ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਘਾਟ, ਤਲਵੰਡੀ ਸਾਬੋ ਪਾਵਰ ਪਲਾਂਟ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੀ ਸਮੱਸਿਆ ਸਮੇਤ ਪਿੰਡ ਸਰਕਾਰੀ ਬੱਸ ਸੇਵਾ ਤੋਂ ਵਾਂਝੇ ਹਨ। ਹੁਣ ਤੱਕ ਇੱਥੋਂ ਦੇ ਵਿਧਾਇਕ ਤੇ ਸਰਕਾਰਾਂ ਸਿਰਫ਼ ਗਲੀਆਂ-ਨਾਲੀਆਂ ਪੱਕੀਆਂ ਕਰਨ ਤੱਕ ਹੀ ਸੀਮਤ ਰਹੇ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਦਿਲਰਾਜ ਸਿੰਘ ਭੂੰਦੜ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਚੁਣੇ ਗਏ। ਉਨ੍ਹਾਂ ਕਿਹਾ ਕਿ ਵਿਰੋਧੀ ਸਰਕਾਰ ਵਿੱਚ ਹੁੰਦਿਆਂ ਉਨ੍ਹਾਂ ਹਲਕੇ ਨਾਲ ਸਬੰਧਤ ਮੁੱਦੇ ਵਿਧਾਨ ਸਭਾ ਵਿੱਚ ਰੱਖੇ। ਘੱਗਰ ਵਿੱਚ ਵਗਦੇ ਦੂਸ਼ਿਤ ਕਾਲੇ ਪਾਣੀ ਨੂੰ ਰੋਕਣ ਦਾ ਮੁੱਦਾ ਤਿੰਨ ਵਾਰ ਵਿਧਾਨ ਸਭਾ ਵਿੱਚ ਉਠਾਇਆ। ਬੇਸ਼ੱਕ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਹਲਕਾ ਸਰਦੂਲਗੜ੍ਹ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ। ਉਨ੍ਹਾਂ ਆਪਣੇ ਪਿਤਾ ਬਲਵਿੰਦਰ ਸਿੰਘ ਭੂੰਦੜ ਦੇ ਰਾਜ ਸਭਾ ਮੈਂਬਰ ਦੇ ਕੋਟੇ ਵਿੱਚੋਂ 12 ਕਰੋੜ ਰੁਪਏ ਖਰਚ ਕੇ ਹਲਕੇ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਆਧੁਨਿਕ ਉਪਕਰਨ ਮੁਹੱਈਆ ਕਰਵਾਏ।
ਕਾਂਗਰਸ ਦੇ ਸਰਦੂਲਗੜ੍ਹ ਤੋਂ ਸੰਭਾਵੀ ਉਮੀਦਵਾਰ ਤੇ ਮੌਜੂਦਾ ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਮੋਫਰ ਨੇ ਕਿਹਾ ਕਿ ਪਹਿਲਾਂ ਦਸ ਸਾਲ ਦੌਰਾਨ ਅਕਾਲੀ ਸਰਕਾਰ ਵੇਲੇ ਭੂੰਦੜ ਪਰਿਵਾਰ ਨੇ ਹਲਕੇ ਵਿੱਚ ਕੋਈ ਵੀ ਵਿਕਾਸ ਨਹੀਂ ਕਰਵਾਇਆ। ਸਾਰੇ ਦੇ ਸਾਰੇ ਮੁੱਦੇ ਅਤੇ ਸਮੱਸਿਆਵਾਂ ਉਸੇ ਤਰ੍ਹਾਂ ਹਨ। ਹਲਕਾ ਵਿਧਾਇਕ ਭੂੰਦੜ ਚਾਰ ਸਾਲ ਹਲਕੇ ਵਿੱਚੋਂ ਗੈਰਹਾਜ਼ਰ ਰਹੇ ਅਤੇ ਹੁਣ ਚੋਣਾਂ ਨੇੜੇ ਆਉਂਦੀਆਂ ਦੇਖ ਪਿੰਡਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਕਾਂਗਰਸ ਦੇ ਰਾਜ ਦੌਰਾਨ ਵੱਖ-ਵੱਖ ਪਿੰਡਾਂ ਨੂੰ ਵਿਸ਼ੇਸ਼ ਫੰਡ ਜਾਰੀ ਕਰਕੇ ਵਿਕਾਸ ਕਾਰਜ ਕੀਤੇ ਗਏ। ਵਿਸ਼ੇਸ਼ ਗ੍ਰਾਂਟਾਂ ਜਾਰੀ ਕਰਕੇ ਪਿੰਡਾਂ ਵਿੱਚ ਨੌਜਵਾਨਾਂ ਨੂੰ ਖੇਡ ਮੈਦਾਨ ਤੇ ਸਾਜ਼ੋ-ਸਾਮਾਨ ਦਿੱਤਾ ਗਿਆ।
ਆਮ ਆਦਮੀ ਪਾਰਟੀ ਵੱਲੋਂ ਸਰਦੂਲਗੜ੍ਹ ਤੋਂ ਐਲਾਨੇ ਗਏ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਹੁਣ ਤੱਕ ਸੂਬੇ ਵਿੱਚ ਅਕਾਲੀ-ਕਾਂਗਰਸ ਪਾਰਟੀ ਦੀਆਂ ਸਰਕਾਰਾਂ ਰਹੀਆਂ ਹਨ ਪਰ ਹਲਕੇ ਦਾ ਕੋਈ ਵਿਕਾਸ ਨਹੀਂ ਹੋਇਆ। ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਬੱਚਿਆਂ ਨੂੰ ਸਿੱਖਿਆ ਹਾਸਲ ਕਰਨ ਲਈ ਡੇਢ-ਦੋ ਸੌ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਮਰੀਜ਼ਾਂ ਲਈ ਕੋਈ ਸਹੂਲਤ ਨਹੀਂ, ਉਨ੍ਹਾਂ ਨੂੰ ਇਲਾਜ ਵਾਸਤੇ ਦੂੁਰ-ਦੁਰੇਡੇ ਦੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ। ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਮਾਰਟ ਬਣਾਏ ਸਕੂਲਾਂ ਵਿੱਚ ਮਾਸਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਵਿਧਾਨ ਸਭਾ ਵਿੱਚ ਹਲਕੇ ਦਾ ਕੋਈ ਵੀ ਮੁੱਦਾ ਨਹੀਂ ਉਠਾਇਆ। ਹਲਕੇ ਦੀਆਂ ਵੱਡੀਆਂ ਸਮੱਸਿਆਵਾਂ ਅਕਾਲੀ-ਕਾਂਗਰਸ ਸਰਕਾਰ ਦੀ ਦੇਣ ਹਨ।