ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 9 ਅਕਤੂਬਰ
ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਕਪੂਰਗੜ੍ਹ ਵਲੋਂ ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਮੰਡੀ ਗੋਬਿੰਦਗੜ੍ਹ ਵਿੱਚ ਕਲੱਬ ਪ੍ਰਧਾਨ ਅਤੇ ਵਾਤਾਵਰਨ ਪ੍ਰੇਮੀ ਤੀਰਥ ਸਿੰਘ ਕਪੂਰਗੜ੍ਹ ਦੀ ਅਗਵਾਈ ਹੇਠ ਅਤੇ ਕਾਲਜ ਡਾਇਰੈਕਟਰ ਮਨੀਸ਼ਾ ਗੁਪਤਾ ਦੀ ਦੇਖ-ਰੇਖ ਹੇਠ ਅੱਜ ਸੂਬਾ ਪੱਧਰੀ ਵਾਤਾਵਰਨ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਾਤਾਵਰਨ ਪ੍ਰੇਮੀ ਪਦਮ ਸ੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੇ ਆਲੇ ਦੁਆਲੇ ਪਰਾਲੀ ਅਤੇ ਹੋਰ ਪਲਾਸਟਿਕ ਨੂੰ ਸਾੜ ਕੇ ਵਾਤਾਵਰਨ ਨੂੰ ਹੋਰ ਪ੍ਰਦੂਸ਼ਿਤ ਨਾ ਕਰਨ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿਚ ਵੱਧ ਰਹੇ ਪ੍ਰਦੂਸ਼ਣ ਕਾਰਣ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਸਾਫ਼ ਵਾਤਾਵਰਨ ਹਰ ਪ੍ਰਾਣੀ ਅਤੇ ਜੀਵ-ਜੰਤੂ ਲਈ ਜ਼ਰੂਰੀ ਹੈ। ਇਸ ਮੌਕੇ ਮੁੱਖ ਬੁਲਾਰੇ ਵਜੋਂ ਪਹੁੰਚੇ ਨਾਟਕਕਾਰ ਨਿਰਭੈ ਸਿੰਘ ਧਾਲੀਵਾਲ ਨੇ ਕਿਹਾ ਕਿ ਵਾਤਾਵਰਨ ਦੇ ਸੁਧਾਰ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਜ਼ਰੂਰੀ ਹੈ। ਪਿੰਡ ਕਲਾਲ ਮਾਜਰਾ ਦੇ ਸਰਪੰਚ ਗੁਰਪ੍ਰੀਤ ਸਿੰਘ ਗਰੇਵਾਲ ਨੇ ਕਿਸਾਨਾਂ ਨੂੰ ਪਰਾਲੀ ਨੂੰ ਖਾਦ ਦੇ ਰੂਪ ਵਿਚ ਵਰਤਣ ਦੀ ਸਲਾਹ ਦਿੱਤੀ।