ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਦਸੰਬਰ
ਕਾਂਗਰਸ ਨਾਲੋਂ ਵੱਖ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਨਾਲ ਖੜਨ ਦੇ ਚੱਲਦਿਆਂ, ਮੁਅੱਤਲੀ ਦਾ ਸਾਹਮਣਾ ਕਰਨ ਵਾਲੇ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਮੇਅਰ ਬਣੇ ਰਹਿਣਗੇ। ਇਹ ਬਾਜ਼ੀ ਉਨ੍ਹਾਂ ਨੇ ਅਦਾਲਤ ਦੇ ਸਹਾਰੇ ਜਿੱਤੀ ਹੈ ਕਿਉਂਕਿ ਪੱਚੀ ਨਵੰਬਰ ਨੂੰ ਉਨ੍ਹਾਂ ਦੇ ਖ਼ਿਲਾਫ਼ ਕੀਤੀ ਗਈ ਮੁਅੱਤਲੀ ਦੀ ਕਾਰਵਾਈ ਨੂੰ ਮੇਅਰ ਸੰਜੀਵ ਬਿੱਟੂ ਨੇ ਅਦਾਲਤ ’ਚ ਚੁਣੌਤੀ ਦਿੱਤੀ ਸੀ। ਜਿਸ ਦੀ ਅੱਜ ਹੋਈ ਸੁਣਵਾਈ ਸੰਬੰਧੀ ਪ੍ਰਾਪਤ ਹੋਈ ਮੁਢਲੀ ਜਾਣਕਾਰੀ ਅਨੁਸਾਰ ਅਦਾਲਤ ਨੇ ਮੂਅੱਤਲੀ ਦੀ ਕਾਰਵਾਈ ਨੂੰ ਗਲਤ ਠਹਿਰਾ ਦਿੱਤਾ। ਉਂਜ ਇਸ ਸਬੰਧੀ ਅਜੇ ਅਦਾਲਤੀ ਹੁਕਮ ਬਾਕਾਇਦਾ ਰੂਪ ਵਿੱਚ ਜਾਰੀ ਹੋਣੇ ਹਨ। ਅੱਜ ਇਥੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਮੇਅਰ ਸੰਜੀਵ ਬਿੱਟੂ ਨੇ ਦੱਸਿਆ ਕਿ ਉਸ ਦੇ ਖਿਲਾਫ ਕੀਤੀ ਗਈ ਮੁਅੱਤਲੀ ਦੀ ਕਾਰਵਾਈ ਸਬੰਧੀ ਸਰਕਾਰ ਨੇ ਆਪਣੀ ਗਲਤੀ ਕਬੂਲ ਲਈ ਹੈ। ਉਧਰ ਇਸੇ ਮਾਮਲੇ ਨੂੰ ਲੈ ਕੇ ਵਿਸਥਾਰ ਵਿਚ ਚਰਚਾ ਕਰਨ ਲਈ ਮੇਅਰ ਸੰਜੀਵ ਬਿੱਟੂ ਨੇ ਅੱਜ ਸ਼ਾਮੀਂ ਆਪਣੇ ਨਗਰ ਨਿਗਮ ਸਥਿਤ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਵੀ ਸੱਦੀ ਹੈ।