ਟ੍ਰਿਬਿਊਨ ਨਿਊਨ ਸਰਵਿਸ
ਚੰਡੀਗੜ੍ਹ, 7 ਮਈ
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਵਿੱਚ ਕਰੋਨਾ ਮਹਾਮਾਰੀ ਕਾਰਨ ਵਿਗੜ ਰਹੇ ਹਾਲਾਤ ’ਤੇ ਚਿੰਤਾ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਤੋਂ ਸੰਗਰੂਰ ਵਿੱਚ ਬਣੇ ਪੀਜੀਆਈ ਸੈਟੇਲਾਈਟ ਸੈਂਟਰ ਨੂੰ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਇੱਕ ਬਿਆਨ ਰਾਹੀਂ ਸ੍ਰੀ ਢੀਂਡਸਾ ਨੇ ਪੰਜਾਬ ਵਿੱਚ ਲਗਾਤਾਰ ਵਧ ਰਹੇ ਕਰੋਨਾ ਕੇਸਾਂ ਅਤੇ ਸਿਹਤ ਸਹੂਲਤਾਂ ਦੀ ਘਾਟ ਕਾਰਨ ਵਿਗੜ ਰਹੇ ਹਾਲਾਤ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਸੰਸਦ ਮੈਂਬਰਾਂ ਨੂੰ ਤੁਰੰਤ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ ਕਰਨ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਨੇ ਸੰਗਰੂਰ ਵਿੱਚ ਬਣ ਕੇ ਤਿਆਰ ਹੋ ਚੁੱਕੇ ਪੀਜੀਆਈ ਦੇ ਸੈਟੇਲਾਈਟ ਸੈਂਟਰ ਨੂੰ ਫੌਰੀ ਸ਼ੁਰੂ ਕਰਨ ਲਈ ਪੀਜੀਆਈ ਦੇ ਡਾਇਰੈਕਟਰ ਡਾ. ਜਗਤ ਰਾਮ ਨੂੰ ਵੀ ਉਚੇਰੇ ਤੌਰ ’ਤੇ ਇਸ ਸਬੰਧ ਵਿੱਚ ਕੇਂਦਰੀ ਸਿਹਤ ਮੰਤਰਾਲੇ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀਜੀਆਈ ਚੰਡੀਗੜ੍ਹ ਵਿੱਚ ਕਰੋਨਾ ਦੇ ਗੰਭੀਰ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਬੈੱਡ ਖਾਲੀ ਨਹੀਂ ਹਨ। ਪੰਜਾਬ ਵਿੱਚ ਮੈਡੀਕਲ ਐਮਰਜੈਂਸੀ ਵਰਗੇ ਬਣ ਰਹੇ ਹਾਲਾਤ ਕਾਰਨ ਮਰੀਜ਼ਾਂ ਨੂੰ ਇਲਾਜ ਲਈ ਭਟਕਣਾ ਪੈ ਰਿਹਾ ਹੈ ਅਤੇ ਸੂਬੇ ਵਿੱਚ ਆਕਸੀਜਨ ਸਹਾਰੇ ਚੱਲ ਮਰੀਜ਼ਾਂ ਦੀ ਗਿਣਤੀ ਵੀ 10 ਹਜ਼ਾਰ ਤੋਂ ਟੱਪ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਸੰਗਰੂਰ ਵਿੱਚ ਤਿਆਰ ਹੋ ਚੁੱਕੇ ਪੀਜੀਆਈ ਦੇ ਸੈਟੇਲਾਈਟ ਸੈਂਟਰ, ਜਿੱਥੇ 300 ਬੈੱਡਾਂ ਦੀ ਸਹੂਲਤ ਹੈ, ਨੂੰ ਤੁਰੰਤ ਚਾਲੂ ਕਰਕੇ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਫਿਲਹਾਲ ਇਸ ਸੈਂਟਰ ਨੂੰ ਸਮਰਪਿਤ ਕੋਵਿਡ ਹਸਪਤਾਲ ਵਿੱਚ ਤਬਦੀਲ ਕਰ ਦੇਣਾ ਚਾਹੀਦਾ ਹੈ।