ਗੁਰਦੀਪ ਸਿੰਘ ਲਾਲੀ
ਮੁੱਖ ਅੰਸ਼
- ਵਿਜੀਲੈਂਸ ਬਿਊਰੋ ਨੇ ਮੋਟਰ ਵਹੀਕਲ ਇੰਸਪੈਕਟਰ ਸਣੇ ਆਰਟੀਏ, ਕਲਰਕਾਂ, ਵਿਚੋਲਿਆਂ ਤੇ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤੇ
ਸੰਗਰੂਰ, 19 ਅਗਸਤ
ਪੰਜਾਬ ਵਿਜੀਲੈਂਸ ਬਿਊਰੋ ਨੇ ਰਿਜਨਲ ਟਰਾਂਸਪੋਰਟ ਅਥਾਰਿਟੀ (ਆਰਟੀਏ) ਦਫਤਰ ਸੰਗਰੂਰ ਵਿੱਚ ਵੱਡੇ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਆਰਟੀਏ, ਮੋਟਰ ਵਹੀਕਲ ਇੰਸਪੈਕਟਰ (ਐੱਮਵੀਆਈ), ਦੋ ਕਲਰਕਾਂ, ਦੋ ਵਿਚੋਲਿਆਂ ਅਤੇ ਪ੍ਰਾਈਵੇਟ ਏਜੰਟਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ ਅਤੇ ਵਿਜੀਲੈਂਸ ਨੇ ਦਫ਼ਤਰ ਦੇ ਦੋ ਮੁਲਾਜ਼ਮਾਂ ਅਤੇ ਇਕ ਵਿਚੋਲੇ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪਟਿਆਲਾ ਦੇ ਐੱਸਐੱਸਪੀ ਜਗਤਪ੍ਰੀਤ ਸਿੰਘ ਅਤੇ ਡੀਐੱਸਪੀ (ਵਿਜੀਲੈਂਸ ਬਿਊਰੋ ਸੰਗਰੂਰ) ਪਰਮਿੰਦਰ ਸਿੰਘ ਨੇ ਦੱਸਿਆ ਕਿ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਆਧਾਰ ’ਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਐੱਮਵੀਆਈ ਸੰਗਰੂਰ ਦੇ ਦਫਤਰ ਦੀ ਅਚਨਚੇਤ ਜਾਂਚ ਕੀਤੀ ਜਿਸ ਵਿੱਚ ਇਸ ਘੁਟਾਲੇ ਦੀਆਂ ਪਰਤਾਂ ਖੁੱਲ੍ਹੀਆਂ। ਇਸ ਮਾਮਲੇ ’ਚ ਵਿਜੀਲੈਂਸ ਬਿਊਰੋ ਨੇ ਮੌਕੇ ’ਤੇ ਹੀ ਤਿੰਨ ਜਣਿਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ’ਚ ਧਰਮਿੰਦਰ ਪਾਲ ਉਰਫ ਬੰਟੀ (ਏਜੰਟ) ਵਾਸੀ ਸੰਗਰੂਰ, ਕਲਰਕ ਗੁਰਚਰਨ ਸਿੰਘ ਅਤੇ ਡਾਟਾ ਐਂਟਰੀ ਅਪਰੇਟਰ ਜਗਸੀਰ ਸਿੰਘ ਤੋਂ ਇਲਾਵਾ ਕਰੀਬ 40 ਹਜ਼ਾਰ ਰੁਪਏ ਰਿਸ਼ਵਤ ਦੀ ਰਾਸ਼ੀ ਅਤੇ ਘੁਟਾਲੇ ਨਾਲ ਸਬੰਧਤ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਰਵਿੰਦਰ ਸਿੰਘ ਗਿੱਲ ਆਰਟੀਏ, ਮਹਿੰਦਰ ਪਾਲ ਐੱਮਵੀਆਈ, ਗੁਰਚਰਨ ਸਿੰਘ ਕਲਰਕ, ਜਗਸੀਰ ਸਿੰਘ ਡਾਟਾ ਐਂਟਰੀ ਅਪਰੇਟਰ, ਧਰਮਿੰਦਰ ਪਾਲ ਉਰਫ ਬੰਟੀ ਅਤੇ ਸੁਖਵਿੰਦਰ ਸੁੱਖੀ (ਦੋਵੇਂ ਵਿਚੋਲੇ) ਅਤੇ ਹੋਰ ਪ੍ਰਾਈਵੇਟ ਏਜੰਟਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਚ ਧਾਰਾ 420, 120-ਬੀ ਆਈਪੀਸੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਤਹਿਤ ਕੇਸ ਦਰਜ ਕੀਤਾ ਹੈ।
ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਸੀ ਘੁਟਾਲਾ
ਐੱਸਐੱਸਪੀ ਜਗਤਪ੍ਰੀਤ ਸਿੰਘ ਅਤੇ ਡੀਐੱਸਪੀ ਪਰਮਿੰਦਰ ਸਿੰਘ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਘੁਟਾਲਾ ਪਿਛਲੇ 7-8 ਸਾਲਾਂ ਤੋਂ ਚੱਲ ਰਿਹਾ ਸੀ ਅਤੇ ਹਰ ਮਹੀਨੇ 2000-2500 ਤੋਂ ਵੱਧ ਵਾਹਨਾਂ ਨੂੰ ਫਿਟਨੈੱਸ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਸਨ ਜਦਕਿ ਇਕ ਵਿਅਕਤੀ ਵੱਲੋਂ ਇੰਨੇ ਸਮੇਂ ਵਿੱਚ ਇੰਨੀ ਵੱਡੀ ਗਿਣਤੀ ’ਚ ਵਾਹਨਾਂ ਦਾ ਮੌਕੇ ’ਤੇ ਮੁਆਇਨਾ ਕਰਨਾ ਸੰਭਵ ਨਹੀਂ ਹੈ। ਇਸ ਸਮੇਂ ਦੌਰਾਨ ਹਰ ਮਹੀਨੇ ਅੰਦਾਜ਼ਨ 35-40 ਲੱਖ ਰੁਪਏ ਦੀ ਕਥਿਤ ਰਿਸ਼ਵਤ ਦੀ ਰਕਮ ਹਾਸਲ ਕੀਤੀ ਗਈ ਜਿਸ ਨਾਲ ਇਹ ਮਾਮਲਾ ਕਰੋੜਾਂ ਰੁਪਏ ਵਿੱਚ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਅਧਿਕਾਰੀ ਏਜੰਟਾਂ ਅਤੇ ਵਿਚੋਲਿਆਂ ਦੀ ਮਿਲੀਭੁਗਤ ਨਾਲ ਵਾਹਨਾਂ ਦੀ ਮੌਕੇ ’ਤੇ ਫਿਜ਼ੀਕਲ ਵੈਰੀਫਿਕੇਸਨ ਕੀਤੇ ਬਿਨਾਂ ਹੀ ਵਾਹਨ ਦੇ ਮਾਡਲ ਦੇ ਹਿਸਾਬ ਨਾਲ ਪ੍ਰਤੀ ਵਾਹਨ ਰਿਸ਼ਵਤ ਦੇ ਬਦਲੇ ਫਿਟਨੈਸ ਸਰਟੀਫਿਕੇਟ ਜਾਰੀ ਕਰਦੇ ਆ ਰਹੇ ਹਨ। ਇਸੇ ਤਰ੍ਹਾਂ ਆਰਟੀਏ ਅਤੇ ਐੱਮਵੀਆਈ ਵੱਲੋਂ ਨਿਰਧਾਰਿਤ ਸਥਾਨ ’ਤੇ ਵਾਹਨ ਖੜ੍ਹੇ ਕਰਵਾਉਣ ਦੀ ਥਾਂ ਅਤੇ ਉਨ੍ਹਾਂ ਦੀ ਮੌਕੇ ’ਤੇ ਜਾਂਚ ਕੀਤੇ ਬਿਨਾਂ ਹੀ ਦਸਤਾਵੇਜ਼ਾਂ ਦੇ ਆਧਾਰ ’ਤੇ ਵਾਹਨਾਂ ਨੂੰ ਪਾਸ ਕੀਤਾ ਜਾ ਰਿਹਾ ਸੀ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਦਫਤਰ ਵਿੱਚ ਪਹਿਲਾਂ ਤੋਂ ਤਾਇਨਾਤ ਸਾਰੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।