ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਜੁਲਾਈ
ਪੰਜਾਬ ਭਰ ਤੋਂ ਪੁੱਜੇ ਸੈਂਕੜੇ ਐੱਨਪੀਐੱਸ ਮੁਲਾਜ਼ਮਾਂ ਵਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ ਲਈ ਵਰ੍ਹਦੇ ਮੀਂਹ ਵਿਚ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਵਲੋਂ ਸੂਬਾ ਪੱਧਰੀ ਕਨਵੈਨਸ਼ਨ ਕਰਨ ਮਗਰੋਂ ਵਾਅਦਾ ਯਾਦ ਦਿਵਾਊ ਮਾਰਚ ਕੀਤਾ ਗਿਆ। ਭਾਵੇਂ ਪ੍ਰਦਰਸ਼ਨਕਾਰੀਆਂ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੀ ਕੋਠੀ ਤੱਕ ਮਾਰਚ ਕੱਢਿਆ ਜਾਣਾ ਸੀ ਪਰ ਵਰ੍ਹਦੇ ਮੀਂਹ ’ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਸਤੇ ਵਿਚ ਹੀ 22 ਜੁਲਾਈ ਨੂੰ ਵਿੱਤ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਨਿਸ਼ਚਿਤ ਕਰਾਉਣ ਦਾ ਲਿਖਤੀ ਪੱਤਰ ਸੌਂਪ ਦਿੱਤਾ ਗਿਆ।
ਅੱਜ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਵਲੋਂ ਸਥਾਨਕ ਮਨਸ਼ਾ ਦੇਵੀ ਮੰਦਿਰ ਹਾਲ ਵਿਚ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ ਜਿਸ ਵਿਚ ਪੰਜਾਬ ਭਰ ਤੋਂ ਸੂਬਾਈ ਕਨਵੈਨਸ਼ਨ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਕਨਵੀਨਰ ਅਤਿੰਦਰਪਾਲ ਘੱਗਾ, ਜ਼ੋਨ ਕਨਵੀਨਰਾਂ ਗੁਰਬਿੰਦਰ ਖਹਿਰਾ, ਜਸਵੀਰ ਸਿੰਘ ਭੰਮਾ, ਵਿੱਤ ਸਕੱਤਰ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਸਤਪਾਲ ਸਮਾਣਵੀ ਨੇ ਆਖਿਆ ਕਿ ਕਾਂਗਰਸ ਸਰਕਾਰ ਸਮੇਂ ਪੰਜਾਬ ਦੇ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਐੱਨਪੀਐੱਸ ਮੁਲਾਜ਼ਮਾਂ ਦੇ ਧਰਨਿਆਂ ਵਿਚ ਸ਼ਮੂਲੀਅਤ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਸੀ। ਕਨਵੈਨਸ਼ਨ ਨੂੰ ਰਮਨਦੀਪ ਸਿੰਗਲਾ ਬਰਨਾਲਾ, ਹਰਿੰਦਰਜੀਤ ਸਿੰਘ ਫਤਿਹਗੜ੍ਹ ਸਾਹਿਬ, ਸੁਖਜਿੰਦਰ ਗੁਰਦਾਸਪੁਰ, ਲਖਵਿੰਦਰ ਸਿੰਘ ਮਾਨਸਾ, ਮਨੋਜ ਕੁਮਾਰ ਸੰਗਰੂਰ, ਜਗਜੀਤ ਜਟਾਣਾ ਪਟਿਆਲਾ, ਰਘਵੀਰ ਸਿੰਘ ਭਵਾਨੀਗੜ੍ਹ, ਕਰਮਜੀਤ ਨਦਾਮਪੁਰ, ਨਹਿਰੀ ਪਟਵਾਰ ਯੂਨੀਅਨ ਵੱਲੋਂ ਜਸਕਰਨ ਗਹਿਰੀ, ਡੀਐੱਮਐੱਫ਼ ਵੱਲੋਂ ਸੂਬਾ ਪ੍ਰਧਾਨ ਜਰਮਨਜੀਤ ਸਿੰਘ,ਡੀਟੀਐੱਫ਼ ਵਲੋਂ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਟੈਕਨੀਕਲ ਐਂਡ ਮਕੈਨੀਕਲ ਐਂਪਲਾਇਜ਼ ਯੂਨੀਅਨ ਵੱਲੋਂ ਗੁਰਚਰਨ ਸਿੰਘ ਅਕੋਈ, ਪੀਐੱਸਪੀਸੀਐੱਲ ਯੂਨੀਅਨ ਬਰਨਾਲਾ ਗੁਰਪ੍ਰੀਤ ਦਾਨਗੜੀਆ ਨੇ ਸੰਬੋਧਨ ਕੀਤਾ।