ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਜੂਨ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਦੀ ਜਿੱਤ ਲਈ ਵੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਲੜੀ ਗਈ ਇਕ ਇਤਿਹਾਸਕ ਚੋਣ ਸਾਬਤ ਹੋਵੇਗੀ। ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਬੀਬੀ ਕਮਲਦੀਪ ਕੌਰ ਅਕਾਲ ਤਖਤ ਦੇ ਹੁਕਮਾਂ ਮੁਤਾਬਕ ਅੱਗੇ ਆਏ ਹਨ। ਭਾਵੇਂ ਉਨ੍ਹਾਂ ਦੀ ਵਿੱਤੀ ਸਥਿਤੀ ਚੋਣ ਲੜਨ ਦੀ ਆਗਿਆ ਨਹੀਂ ਦਿੰਦੀ ਪਰ ਇਸ ਦੇ ਬਾਵਜੂਦ ਕੌਮ ਦੀ ਆਵਾਜ਼ ’ਤੇ ਉਹ ਚੋਣ ਲੜਨ ਵਾਸਤੇ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਕੌਮ ਉਨ੍ਹਾਂ ਦੀ ਰਿਹਾਈ ਲਈ ਆਪਣਾ ਵੋਟ ਨਹੀਂ ਦਿੰਦੀ ਤਾਂ ਇਹ ਇਤਿਹਾਸ ਵਿੱਚ ਲਿਖਿਆ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਭਾਜਪਾ ਨਾਲ ਨਾਤਾ ਤੋੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਇਹ ਨਵਾਂ ਰੂਪ ਹੈ, ਜੋ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੂੰ ਹੁਣ ਜਿਊਂਦੇ ਸ਼ਹੀਦ ਦੱਸ ਰਹੇ ਹਨ।
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮਤੇ ਵਾਲਾ ਪੱਤਰ ਵਾਇਰਲ
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਮਤੇ ਦਾ ਇੱਕ ਪੱਤਰ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਇਸ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ 10 ਲੱਖ ਰੁਪਏ ਦੀ ਰਕਮ ਬੀਬੀ ਕਮਲਦੀਪ ਕੌਰ ਨੂੰ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪੱਤਰ ਅੱਜ ਸੰਗਰੂਰ ਦੀ ਜ਼ਿਮਨੀ ਚੋਣ ਵਾਲੇ ਦਿਨ ਵਾਇਰਲ ਹੋਇਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਤੇ ਬੁਲਾਰੇ ਕੁਲਵਿੰਦਰ ਸਿੰਘ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹਵਾਲੇ ਨਾਲ ਕਿਹਾ ਕਿ ਫਰਵਰੀ-ਮਾਰਚ ਮਹੀਨੇ ਦਿੱਤੀ ਇਸ ਵਿੱਤੀ ਸਹਾਇਤਾ ਨੂੰ ਚੋਣ ਨਾਲ ਜੋੜ ਕੇ ਦੇਖਣਾ ਜਾਇਜ਼ ਨਹੀਂ ਹੈ।