ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਜੂਨ
ਸਸੰਗਰੂਰ ਲੋਕ ਸਭਾ ਹਲਕੇ ਦੀ ਉਪ ਚੋਣ ਦੀਆਂ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਇਸ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 6 ਦੀਆਂ ਵੋਟਾਂ ਦੀ ਗਿਣਤੀ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਅਤੇ 3 ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਐਸ.ਡੀ. ਕਾਲਜ ਬਰਨਾਲਾ ਵਿਚ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸੰਗਰੂਰ ਲੋਕ ਸਭਾ ਹਲਕੇ ਦੀ ਉਪ ਚੋਣ ਲਈ ਕੁੱਲ 16 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ, ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਕਮਲਦੀਪ ਕੌਰ ਰਾਜੋਆਣਾ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਪਾਰਟੀ ਦੇ ਦਲਵੀਰ ਸਿੰਘ ਗੋਲਡੀ ਦੀ ਸਿਆਸੀ ਕਿਸਮਤ ਦਾਅ ’ਤੇ ਲੱਗੀ ਹੋਈ ਹੈ। ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਨੇ ਦੱਸਿਆ ਕਿ 26 ਜੂਨ ਨੂੰ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਵੇਗੀ ਪਰ ਇਸ ਤੋਂ ਅੱਧਾ ਘੰਟਾ ਪਹਿਲਾਂ ਈਵੀਐਮ ਸਟਰਾਂਗ ਰੂਮ ਖੋਲ੍ਹੇ ਜਾਣੇ ਹਨ। ਗਿਣਤੀ ਕੇਂਦਰ ਦੇ ਅੰਦਰ ਮੋਬਾਈਲ ਫੋਨ ਜਾਂ ਕਿਸੇ ਵੀ ਤਰ੍ਹਾਂ ਦੀ ਇਲੈਕਟਰੌਨਿਕ ਡਿਵਾਈਸ ਲਿਜਾਣ ਦੀ ਮਨਾਹੀ ਕੀਤੀ ਗਈ ਹੈ।
ਸੰਗਰੂਰ ਸੰਸਦੀ ਹਲਕੇ ਦੀ ਉਪ ਚੋਣ ਦੇ ਨਤੀਜੇ ਉਪਰ ਜਿੱਥੇ ਸਮੁੱਚੇ ਪੰਜਾਬ ਅਤੇ ਦੇਸ਼-ਵਿਦੇਸ਼ ’ਚ ਵਸਦੇ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਉਥੇ ਚੋਣ ਨਤੀਜੇ ਨੂੰ ਲੈ ਕੇ ਸਿਆਸੀ ਹਲਕੇ ਵੀ ਕਿਆਸਰਾਈਆਂ ਲਾ ਰਹੇ ਹਨ। ਚੋਣਾਂ ਦਾ ਨਤੀਜਾ 26 ਜੂਨ ਨੂੰ ਆ ਜਾਵੇਗਾ ਤੇ ਇਹ ਸਪਸ਼ਟ ਹੋ ਜਾਵੇਗਾ ਕਿ ਸੰਗਰੂਰ ਹਲਕੇ ਦੇ ਲੋਕ ਕਿਸ ਪਾਰਟੀ ਦੇ ਉਮੀਦਵਾਰ ਨੂੰ ਪਸੰਦ ਕਰਦੇ ਹਨ। ਭਾਵੇਂ ਉਪ ਚੋਣ ਦੇ ਨਤੀਜੇ ਨਾਲ ਕਿਸੇ ਪਾਰਟੀ ਦੀ ਸਰਕਾਰ ਨਹੀਂ ਬਣਨੀ ਅਤੇ ਨਾ ਹੀ ਡਿੱਗਣੀ ਹੈ ਪਰ ਇਹ ਨਤੀਜਾ ਸਪਸ਼ਟ ਕਰ ਦੇਵੇਗਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਆਧਾਰ ’ਚ ਕੀ ਬਦਲਾਅ ਹੋਇਆ ਹੈ ਅਤੇ ‘ਆਪ’ ਸਰਕਾਰ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਲੋਕ ਸੰਤੁਸ਼ਟ ਹਨ ਜਾਂ ਅਸੰਤੁਸ਼ਟ।
ਸੰਗਰੂਰ ਸੰਸਦੀ ਹਲਕੇ ਨੂੰ ਆਮ ਆਦਮੀ ਪਾਰਟੀ ਆਪਣਾ ਗੜ੍ਹ ਮੰਨਦੀ ਹੈ। ਸਾਲ 2014 ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤ ਕੇ ਦੇਸ਼ ਦੀ ਸੰਸਦ ਵਿਚ ਪੁੱਜੇ ਸਨ। ਸਾਲ 2019 ਦੀ ਸੰਸਦੀ ਚੋਣ ਵਿਚ ਭਗਵੰਤ ਮਾਨ ਨੇ ਲਗਾਤਾਰ ਦੂਜੀ ਵਾਰ ਜਿੱਤ ਦੇ ਝੰਡੇ ਬੁਲੰਦ ਕੀਤੇ। ਇਸੇ ਸਾਲ ਫਰਵਰੀ ਮਹੀਨੇ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਸੰਗਰੂਰ ਸੰਸਦੀ ਹਲਕੇ ’ਚ ਪੈਂਦੇ ਕੁੱਲ 9 ਵਿਧਾਨ ਸਭਾ ਹਲਕਿਆਂ ਵਿਚ ਸੰਗਰੂਰ, ਧੂਰੀ, ਸੁਨਾਮ, ਲਹਿਰਾ, ਦਿੜ੍ਹਬਾ, ਮਾਲੇਰਕੋਟਲਾ, ਮਹਿਲ ਕਲਾਂ, ਬਰਨਾਲਾ ਅਤੇ ਭਦੌੜ ਵਿਚ ਆਮ ਆਦਮੀ ਪਾਰਟੀ ਨੇ ਹੂੰਝਾਫੇਰ ਜਿੱਤ ਦਰਜ ਕੀਤੀ ਸੀ। ਭਾਵੇਂ ਸੱਤਾਧਾਰੀ ਧਿਰ ਦਾਅਵਾ ਕਰ ਰਹੀ ਹੈ ਕਿ ਸੰਗਰੂਰ ਸੰਸਦੀ ਹਲਕੇ ਦੀ ਉਪ ਚੋਣ ਵਿਚ ‘ਆਪ’ ਜਿੱਤ ਦੀ ਹੈਟ੍ਰਿਕ ਬਣਾਏਗੀ ਪਰ ਇਸ ਉਪ ਚੋਣ ਦੀ ਜੰਗ ‘ਆਪ’ ਲਈ ਏਨੀ ਸੌਖੀ ਨਹੀਂ ਜਾਪ ਰਹੀ। ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਨੇ ਚੋਣ ਜਿੱਤਣ ਲਈ ਪੂਰੀ ਵਾਹ ਲਾਈ ਹੈ। ਭਾਜਪਾ ਪੰਜਾਬ ਵਿਚ ਆਪਣੇ ਦਮ ’ਤੇ ਕਮਲ ਦਾ ਫੁੱਲ ਖਿੜ੍ਹਾਉਣ ਲਈ ਪੱਬਾਂ ਭਾਰ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਇਸ ਚੋਣ ਵਿਚ ਇੱਕ ਮਜ਼ਬੂਤ ਉਮੀਦਵਾਰ ਵਜੋਂ ਉਭਰੇ ਹਨ ਜਿਨ੍ਹਾਂ ਦੇ ਹੱਕ ਵਿਚ ਨੌਜਵਾਨ ਵਰਗ ਦੇ ਭੁਗਤਣ ਦੇ ਆਸਾਰ ਹਨ। ਮਰਹੂਮ ਅਦਾਕਾਰ ਦੀਪ ਸਿੱਧੂ ਅਤੇ ਮਰਹੂਮ ਲੋਕ ਗਾਇਕ ਸਿੱਧੂ ਮੂਸੇਵਾਲਾ ਦੇ ਸਮਰਥਕ ਨੌਜਵਾਨਾਂ ਦਾ ਝੁਕਾਅ ਵੀ ਸਿਮਰਨਜੀਤ ਮਾਨ ਵੱਲ ਨਜ਼ਰ ਆਇਆ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਤੋਂ ਉਭਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਗਿਆ। ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੇ ਵੀ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਪਰ ਇਸ ਦਾ ਫੈਸਲਾ ਭਲਕੇ ਹੋ ਜਾਵੇਗਾ।