ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਜੂਨ
ਮੁੱਖ ਮੰਤਰੀ ਦਾ ਸ਼ਹਿਰ ਸੰਗਰੂਰ ਬੇਰੁਜ਼ਗਾਰ ਜਥੇਬੰਦੀਆਂ ਦੇ ਸੰਘਰਸ਼ਾਂ ਦਾ ਗੜ੍ਹ ਬਣ ਗਿਆ ਹੈ। ਲਗਪਗ ਅੱਧੀ ਦਰਜਨ ਜਥੇਬੰਦੀਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਅੱਗੇ ਪੱਕੇ ਮੋਰਚੇ ਆਏ ਹੋਏ ਹਨ, ਜਿਨ੍ਹਾਂ ਵੱਲੋਂ ਪੰਜਾਬ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਕੀਤੀ ਜਾ ਰਹੀ ਹੈ। ਸਰਕਾਰ ਬਣਾਉਣ ਵੇਲੇ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਸਭ ਤੋਂ ਪਹਿਲਾਂ ਬੇਰੁਜ਼ਗਾਰੀ ਦੂਰ ਕੀਤੀ ਜਾਵੇਗੀ ਤੇ ਮੱਖ ਮੰਤਰੀ ਬਣਨ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਹਰੇ ਪੈੱਨ ਦੀ ਵਰਤੋਂ ਅਸਾਮੀਆਂ ਕੱਢਣ ਲਈ ਕਰਨਗੇ, ਜਿਸ ਦੀ ਉਡੀਕ ਵਿੱਚ ਵੱਡੀ ਗਿਣਤੀ ਬੇਰੁਜ਼ਗਾਰ ਹੁਣ ਮੁੱਖ ਮੰਤਰੀ ਦੇ ਦਰਾਂ ’ਤੇ ਆ ਕੇ ਬੈਠ ਗਏ ਹਨ।
ਮੁੱਖ ਮੰਤਰੀ ਦੀ ਕੋਠੀ ਅੱਗੇ ਕਰੋਨਾ ਯੋਧੇ ਨਰਸਾਂ, ਕਲਰਕ ਟੈਸਟ ਪਾਸ ਉਮੀਦਵਾਰ, ਪੰਜਾਬ ਪੁਲੀਸ ਭਰਤੀ ਉਮੀਦਵਾਰ, ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ, ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੇ ਨੌਕਰੀਓ ਹਟਾਏ ਵਰਕਰਾਂ ਦੇ ਕੁੱਲ ਪੰਜ ਪੱਕੇ ਰੋਸ ਧਰਨੇ ਜਾਰੀ ਹਨ, ਜਦਕਿ ਪਿਛਲੇ ਪੰਜ ਦਿਨਾਂ ਤੋਂ ਕੱਚੇ ਅਧਿਆਪਕ ਸਥਾਨਕ ਸਿਵਲ ਹਸਪਤਾਲ ਦੀ ਸੌ ਫੁੱਟ ਉੱਚੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਹੋਏ ਹਨ। ਕੱਚੇ ਅਧਿਆਪਕ ਯੂਨੀਅਨ ਦੀ ਸੂਬਾ ਆਗੂ ਕਿਰਨ ਕੌਰ ਢਿੱਲੋਂ ਨੇ ਕਿਹਾ ਕਿ ਉਹ ਪਿਛਲੇ 15/20 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਸਕੂਲਾਂ ਵਿੱਚ ਪੜ੍ਹਾ ਰਹੇ ਹਨ। ਮੁੱਖ ਮੰਤਰੀ ਨੇ ਆਪਣੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਰੈਗੂਲਰ ਤਾਂ ਕੀ ਕਰਨਾ ਸੀ, ਸਗੋਂ ਢਾਈ ਮਹੀਨਿਆਂ ਤੋਂ ਮੀਟਿੰਗ ਲਈ ਸਮਾਂ ਵੀ ਨਹੀਂ ਦਿੱਤਾ ਜਾ ਰਿਹਾ।
ਉਧਰ ਕਰੋਨਾ ਯੋਧਾ ਨਰਸਾਂ ਸੇਵਾਵਾਂ ਬਹਾਲ ਕਰਾਉਣ ਲਈ ਪਿਛਲੇ 35 ਦਿਨਾਂ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਧਰਨਾ ਲਾ ਕੇ ਬੈਠੀਆਂ ਹਨ, ਪਰ ਸੂਬਾ ਆਗੂ ਸੰਦੀਪ ਕੌਰ ਅਨੁਸਾਰ ਉਨ੍ਹਾਂ ਨੂੰ ਸਿਰਫ਼ ਭਰੋਸਾ ਹੀ ਮਿਲ ਰਿਹਾ ਹੈ। ਪੰਜਾਬ ਪੁਲੀਸ ਭਰਤੀ-2016 ਦੇ ਉਮੀਦਵਾਰ ਵੀ 29 ਦਿਨਾਂ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਡਟੇ ਹੋਏ ਹਨ। ਦੋ ਵਾਰ ਟੈਂਕੀ ’ਤੇ ਚੜ੍ਹ ਕੇ ਪ੍ਰਦਰਸ਼ਨ ਕਰਨ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਵੀ ਹਾਲੇ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ। ਕਲਰਕ ਟੈਸਟ ਪਾਸ ਉਮੀਦਵਾਰ-2016 ਵੀ 55 ਦਿਨਾਂ ਤੋਂ ਇਥੇ ਧਰਨਾ ਦੇ ਰਹੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਮੈਰਿਟ ਸੂਚੀ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਹਾਲੇ ਤੱਕ ਉਨ੍ਹਾਂ ਦੀ ਨਿਯੁਕਤੀ ਨਹੀਂ ਹੋਈ।
ਇਸ ਦੇ ਨਾਲ ਹੀ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਵੀ ਪੰਜਾਬ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੀਆਂ ਹਨ ਤੇ ਖ਼ਫ਼ਾ ਹਨ ਕਿ ਸਿਹਤ ਵਿਭਾਗ ਵੱਲੋਂ 2964 ਅਸਾਮੀਆਂ ਕੱਢਣ ਦੇ ਬਾਵਜੂਦ ਉਨ੍ਹਾਂ ਦੀ ਇੱਕ ਵੀ ਅਸਾਮੀ ਨਹੀਂ ਕੱਢੀ ਗਈ। ਇਸ ਤੋਂ ਇਲਾਵਾ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੇ ਬਰਖ਼ਾਸਤ ਕੀਤੇ ਕੱਚੇ ਵਰਕਰ ਵੀ ਸੇਵਾਵਾਂ ਦੀ ਬਹਾਲੀ ਲਈ ਮੋਰਚਾ ਲਾਈ ਬੈਠੇ ਹਨ।