ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 1 ਅਗਸਤ
ਟਿਕਰੀ ਹੱਦ ’ਤੇ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਪੋਲ ਨੰਬਰ 245 ਨੇੜੇ ਬੀਕੇਯੂ ਏਕਤਾ ਉਗਰਾਹਾਂ ਨਾਲ ਜੁੜੇ ਇੱਕ ਕਿਸਾਨ ਮੱਘਰ ਸਿੰਘ (70) ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੱਘਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਟਿਕਰੀ ਅੰਦੋਲਨ ’ਚ ਡਟਿਆ ਹੋਇਆ ਸੀ। ਮੱਘਰ ਸਿੰਘ ਦੇ ਪਰਿਵਾਰ ਕੋਲ ਸਿਰਫ਼ ਚਾਰ ਏਕੜ ਜ਼ਮੀਨ ਹੈ ਅਤੇ ਪਰਿਵਾਰ ਸਿਰ ਸਾਢੇ ਸੱਤ ਲੱਖ ਦਾ ਕਰਜ਼ਾ ਹੈ। ਕਿਸਾਨ ਦੇ ਪਰਿਵਾਰ ਵਿੱਚ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਪੁੱਤ ਹੈ। ਯੂਨੀਅਨ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਨੇ ਦੱਸਿਆ ਕਿ ਕਿਸਾਨ ਦੀ ਦੇਹ ਦੇਰ ਰਾਤ ਤੱਕ ਪਿੰਡ ਪੁੱਜੇਗੀ। ਉਨ੍ਹਾਂ ਸਰਕਾਰ ਤੋਂ ਪੀੜਤ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ, 10 ਲੱਖ ਮੁਆਵਜ਼ਾ ਅਤੇ ਸਮੁੱਚਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ।