ਚੰਡੀਗੜ੍ਹ: ਵਿਜੀਲੈਂਸ ਤਰਜਮਾਨ ਨੇ ਦੱਸਿਆ ਕਿ ਸੰਗਤ ਸਿੰਘ ਗਿਲਜ਼ੀਆਂ ਦੇ ਸਤੰਬਰ 2021 ਵਿੱਚ ਜੰਗਲਾਤ ਮੰਤਰੀ ਵਜੋਂ ਨਿਯੁਕਤੀ ਤੋਂ ਬਾਅਦ ਜੰਗਲਾਤ ਵਿਭਾਗ ਵਿੱਚ ਸਰਕਾਰੀ ਫੰਡਾਂ ਦੀ ਹੇਰਾਫੇਰੀ ਅਤੇ ਸਰਕਾਰੀ ਫੰਡਾਂ ਦੀ ਗਬਨ ਦੇ ਉਪਰੋਕਤ ਦੋਸ਼ਾਂ ਦੀ ਜਾਂਚ ਦੌਰਾਨ ਜ਼ੁਬਾਨੀ ਸਬੂਤਾਂ ਸਮੇਤ ਦਸਤਾਵੇਜ਼ੀ ਅਤੇ ਤਕਨੀਕੀ ਸਬੂਤ ਹਾਸਲ ਕੀਤੇ ਗਏ ਹਨ। ਵਿਜੀਲੈਂਸ ਬਿਊਰੋ ਵੱਲੋਂ ਪ੍ਰਾਪਤ ਕੀਤੀ ਜਾਣਕਾਰੀ ਦਰਸਾਉਂਦੀ ਹੈ ਕਿ ਸੰਗਤ ਸਿੰਘ ਗਿਲਜ਼ੀਆਂ ਦਾ ਭਤੀਜਾ ਦਲਜੀਤ ਸਿੰਘ ਵਿਭਾਗ ਦੇ ਮੰਤਰੀ ਦੀ ਤਰਫੋਂ ਸਰਕਾਰੀ ਅਤੇ ਗੈਰ-ਸਰਕਾਰੀ ਮਾਮਲਿਆਂ ਵਿੱਚ ਸਿੱਧੇ ਤੌਰ ’ਤੇ ਦਖਲ ਦਿੰਦਾ ਸੀ। ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪ੍ਰਾਈਵੇਟ ਠੇਕੇਦਾਰਾਂ ਨਾਲ ਹੋਈ ਗੱਲਬਾਤ ਅਤੇ ਵਟਸਐਪ ਚੈਟ ਹਾਸਲ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸੰਗਤ ਸਿੰਘ ਗਿਲਜ਼ੀਆਂ ਦੇ ਮੰਤਰੀ ਵਜੋਂ ਕਾਰਜਕਾਲ ਦੌਰਾਨ ਉਨ੍ਹਾਂ ਦਾ ਭਤੀਜਾ ਸਰਕਾਰੀ ਕੰਮਾਂ ਵਿੱਚ ਬੇਲੋੜਾ ਦਖਲ ਦਿੰਦਾ ਸੀ। ਵਿਜੀਲੈਂਸ ਦਾ ਦਾਅਵਾ ਹੈ ਕਿ ਦਲਜੀਤ ਸਿੰਘ ਗਿਲਜ਼ੀਆਂ ਵਿਭਾਗੀ ਅਧਿਕਾਰੀਆਂ ਦੇ ਤਬਾਦਲੇ, ਗੈਰ-ਕਾਨੂੰਨੀ ਮਾਈਨਿੰਗ, ਟ੍ਰੀ-ਗਾਰਡਾਂ ਦੀ ਖਰੀਦ, ਖੈਰ ਦੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨਾ, ਹਾਈਵੇਅ ਨੇੜੇ ਵਪਾਰਕ ਅਦਾਰਿਆਂ ਲਈ ਸੜਕਾਂ ਬਣਾਉਣ ਲਈ ਐੱਨਓਸੀ ਸਰਟੀਫਿਕੇਟ ਜਾਰੀ ਕਰਨਾ ਅਤੇ ਵਿਭਾਗ ਦੇ ਹੋਰ ਕੰਮਾਂ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਕਰਨ ਵਿੱਚ ਵੀ ਉਸ ਦੀ ਸ਼ਮੂਲੀਅਤ ਸੀ।