ਬਲਵਿੰਦਰ ਰੈਤ
ਨੂਰਪੁੁਰ ਬੇਦੀ, 4 ਮਈ
ਪਿੰਡ ਸੰਦੋਆ ’ਚ ਬੀਤੇ ਤਿੰਨ ਦਿਨਾਂ ਤੋਂ ਜੀਓ ਕੰਪਨੀ ਦਾ ਫਾਈਬਰ ਲਾਈਨ ਪਾਉਣ ਦਾ ਕੰਮ ਚੱਲਣ ਬਾਰੇ ਜਿਵੇਂ ਹੀ ਅੱਜ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਨੂੰ ਪਤਾ ਲੱਗਿਆ ਕਿ ਤਾਂ ਲੋਕਾਂ ਨੇ ਰੂਪਨਗਰ ਤੋਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਨਾਲ ਲੈ ਕੇ ਕੰਮ ਬੰਦ ਕਰਵਾ ਦਿੱਤਾ। ਉਨ੍ਹਾਂ ਕੰਪਨੀ ਦੀਆਂ ਮਸ਼ੀਨਾਂ ਤੇ ਸਾਮਾਨ ਵੀ ਜ਼ਬਤ ਕਰ ਲਿਆ। ਇਸ ਮੌਕੇ ਪਿੰਡ ਵਾਸੀਆਂ ਦੀ ਫਾਈਬਰ ਲਾਈਨ ਪਾਉਣ ਵਾਲੇ ਮਜ਼ਦੂਰਾਂ ਅਤੇ ਮੌਕੇ ’ਤੇ ਆਏ ਸਾਈਟ ਅਧਿਕਾਰੀਆਂ ਨਾਲ ਵੀ ਤਕਰਾਰ ਹੋਈ।
ਪਿੰਡ ਵਾਸੀਆਂ ਪਰਮਜੀਤ ਸਿੰਘ, ਜਰਨੈਲ ਸਿੰਘ, ਨੰਬਰਦਾਰ ਬਚਨ ਸਿੰਘ, ਜਰਨੈਲ ਸਿੰਘ, ਜੈਲੀ ਆਜਮਪੁਰ, ਜਸਵਿੰਦਰ ਸਿੰਘ, ਗੁਰਜੋਤ ਸਿੰਘ ਤੇ ਰਵਿੰਦਰ ਧੀਮਾਨ ਨੇ ਦੱਸਿਆ ਨੇ ਕਿਹਾ ਕਿ ਉਹ ਆਪਣੇ ਪਿੰਡ ਵਿੱਚ ਜੀਓ ਕੰਪਨੀ ਦੀਆਂ ਫਾਈਬਰ ਲਾਈਨਾਂ ਨਹੀਂ ਪਾਉਣ ਦੇਣਗੇ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਕੰਪਨੀ ਦੇ ਉੱਚ ਅਧਿਕਾਰੀ ਆ ਕੇ ਕੰਮ ਬੰਦ ਕਰਨ ਦਾ ਭਰੋਸਾ ਨਹੀਂ ਦਿੰਦੇ, ਉਹ ਉਦੋਂ ਤੱਕ ਇਨ੍ਹਾਂ ਦਾ ਸਾਮਾਨ ਵਾਪਸ ਨਹੀਂ ਕਰਨਗੇ। ਮੌਕੇ ’ਤੇ ਪਹੁੰਚੇ ਵਿਧਾਇਕ ਸੰਦੋਆ ਨੇ ਕਿਹਾ ਕਿ ਬੀਤੇ ਤਿੰਨ ਦਿਨਾਂ ਤੋਂ ਇਹ ਕੰਪਨੀ ਵਾਲੇ ਝੂਠ ਬੋਲ ਕੇ ਲਾਈਨਾਂ ਪਾਉਣ ਦਾ ਕੰਮ ਕਰ ਰਹੇ ਸਨ ਪਰ ਜਦੋਂ ਉਨ੍ਹਾਂ ਨੂੰ ਅੱਜ ਪਤਾ ਲੱਗਾ ਇਹ ਜੀਓ ਕੰਪਨੀ ਦਾ ਕੰਮ ਹੈ ਤਾਂ ਉਨ੍ਹਾਂ ਇਹ ਕੰਮ ਬੰਦ ਕਰਵਾ ਦਿੱਤਾ। ਉਹ ਜੀਓ ਦਾ ਕੋਈ ਵੀ ਪ੍ਰੋਜੈਕਟ ਅਸੀਂ ਆਪਣੇ ਇਲਾਕੇ ਵਿੱਚ ਨਹੀਂ ਚੱਲਣ ਦੇਣਗੇ।