ਪੱਤਰ ਪ੍ਰੇਰਕ
ਨੂਰਪੁਰ ਬੇਦੀ, 1 ਨਵੰਬਰ
ਵਿਧਾਇਕ ਅਮਰਜੀਤ ਸੰਦੋਆ ਨੇ ਬਿਜਲੀ ਬਿੱਲਾਂ ’ਚ ਗੜਬੜ ਦੇ ਮੱਦੇਨਜ਼ਰ ਨੂਰਪੁਰ ਬੇਦੀ ਦੀ ਨਵੀਂ ਆਬਾਦੀ ਮੁਹੱਲਾ ਪਹੁੰਚੇ। ਮੁਹੱਲਾ ਵਾਸੀਆਂ ਨੇ ਵਿਧਾਇਕ ਨੂੰ ਦੱਸਿਆ ਕਿ ਅਦਾ ਕੀਤੇ ਗਏ ਬਿਜਲੀ ਬਿੱਲਾਂ ਨੂੰ ਨਵੇਂ ਬਿੱਲਾਂ ਵਿੱਚ ਦੁਬਾਰਾ ਜੋੜ ਕੇ ਭੇਜਿਆ ਗਿਆ ਹੈ ਜਦਕਿ ਬਹੁਤ ਸਾਰੇ ਘਰਾਂ ਵਿੱਚ ਬਿਜਲੀ ਦੀ ਖਪਤ ਵੀ ਜ਼ਿਆਦਾ ਨਹੀਂ ਹੈ। ਉਨ੍ਹਾਂ ਨੂੰ ਬਿਜਲੀ ਦੇ ਵੱਧ ਬਿੱਲ ਭੇਜੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੇ ਨੂਰਪੁਰਬੇਦੀ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਨਾਕਸ ਸਪਲਾਈ ਸਣੇ ਹੋਰ ਸਮੱਸਿਆਵਾਂ ਵੀ ਰੱਖੀਆਂ। ਵਿਧਾਇਕ ਸੰਦੋਆ ਨੇ ਮੌਕੇ ’ਤੇ ਹੀ ਪੀਐੱਸਪੀਸੀਐੱਲ ਦੇ ਜੇਈ ਵਨ ਸੁਰਿੰਦਰ ਸਿੰਘ ਤੇ ਵਾਟਰ ਸਪਲਾਈ ਵਿਭਾਗ ਦੇ ਐੱਸਡੀਓ ਜਸਬੀਰ ਸਿੰਘ ਨੂੰ ਸਮੱਸਿਆਵਾਂ ਜਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਜੇ ਈ ਸੁਰਿੰਦਰ ਸਿੰਘ ਨੇ ਕਿਹਾ ਕਿ ਕੁਝ ਬਿੱਲਾਂ ’ਚ ਏਰੀਅਰ ਲੱਗ ਕੇ ਆ ਗਏ ਹਨ ਜਿਨ੍ਹਾਂ ਨੂੰ ਠੀਕ ਕਰ ਦਿੱਤਾ ਜਾਵੇਗਾ। ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਸਡੀਓ ਜਸਵੀਰ ਸਿੰਘ ਨੇ ਕਿਹਾ ਕਿ ਮੇਨ ਵਾਟਰ ਵਰਕਸ ਦੀ ਮੋਟਰ ਖ਼ਰਾਬ ਹੋਣ ਕਾਰਨ ਦਿੱਕਤ ਆਈ ਸੀ ਜਿਸ ਨੂੰ ਜਲਦ ਦਰੁਸਤ ਕਰਕੇ ਪਾਣੀ ਦੀ ਸਪਲਾਈ ਸੁਚਾਰੂ ਰੂਪ ’ਚ ਬਹਾਲ ਕੀਤੀ ਜਾਵੇਗੀ।