ਸਰਬਜੀਤ ਸਿੰਘ ਭੰਗੂ/ਹਰਦੀਪ ਸਿੰਘ ਭੰਗੂ
ਪਟਿਆਲਾ/ਭਾਦਸੋਂ, 8 ਮਈ
ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ‘ਆਪ’ ਆਗੂ ਕੁਲਤਾਰ ਸਿੰਘ ਸੰਧਵਾਂ ਨੇ ਦਹਾਕੇ ਤੋਂ ਲਟਕ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਏ ਜਾਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮਾਣਮੱਤੀ ਸੰਸਥਾ ਹੈ ਪਰ ਇਸ ਦਾ ਪ੍ਰਬੰਧ ਗਲਤ ਹੱਥਾਂ ਵਿੱਚ ਹੋਣ ਕਰਕੇ ਵੱਡੀਆਂ ਘਾਟਾਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦਾ ਪ੍ਰਬੰਧ ਅਜਿਹੇ ਗੁਰਸਿੱਖਾਂ ਦੇ ਹੱਥ ’ਚ ਹੋਣਾ ਚਾਹੀਦਾ ਹੈ, ਜੋ ਕਿਸੇ ਵਿਸ਼ੇਸ਼ ਵਿਅਕਤੀ ਦੀ ਥਾਂ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨਣ ਵਾਲੇ ਹੋਣ। ਸ਼੍ਰੋਮਣੀ ਕਮੇਟੀ ਚੋਣਾਂ ਕਰਵਾਏ ਜਾਣ ਦੀ ਮੰਗ ਕਰਦਿਆਂ ਸੰਧਵਾਂ ਨੇ ਸਮੁੱਚੀ ਸਿੱਖ ਸੰਗਤ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ।
ਕੁਲਤਾਰ ਸਿੰਘ ਸੰਧਵਾਂ ਅੱਜ ਇੱਥੇ ਭਾਦਸੋਂ ਵਿੱਚ ਕਰਤਾਰ ਐਗਰੋ ਇੰਡਸਟਰੀਜ਼ ਦੇ ਐੱਮਡੀ ਅਮਰਜੀਤ ਸਿੰਘ ਲੋਟੇ ਅਤੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਸ੍ਰੀ ਵਿਸ਼ਵਕਰਮਾ ਮੰਦਿਰ ਵਿੱਚ ਕਰਵਾਏ ਗਏ ਇੱਕ ਸਨਮਾਨ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ। ਇਹ ਸਮਾਗਮ ਵਿਸ਼ੇਸ਼ ਤੌਰ ’ਤੇ ਰਾਮਗੜ੍ਹੀਆ ਭਾਈਚਾਰੇ ਦੇ ਵਿਧਾਇਕਾਂ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ। ਇਸ ਦੌਰਾਨ ਸਪੀਕਰ ਕੁਲਤਾਰ ਸੰਧਵਾਂ, ਵਿਧਾਇਕਾ ਡਾ. ਜੀਵਨਜੋਤ ਕੌਰ, ਤਰਨਪ੍ਰੀਤ ਸਿੰਘ ਸੌਂਧ ਤੇ ਅਮਨਸ਼ੇਰ ਸਿੰਘ ਸ਼ੈਰੀ ਸਮੇਤ ਦੇਵ ਮਾਨ ਦਾ ਸਨਮਾਨ ਕੀਤਾ ਗਿਆ।
ਸਮਾਰੋਹ ਮਗਰੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੰਧਵਾਂ ਨੇ ਕਿਹਾ ਕਿ ਪੰਜਾਬ ਦੀ ਸੱਤਾ ਬਦਲ ਗਈ ਹੈ ਅਤੇ ਹੁਣ ਸ਼੍ਰੋਮਣੀ ਕਮੇਟੀ ਵਿੱਚ ਵੀ ਬਦਲਾਅ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੀ ਚੋਰੀ, ਗੁਰਦੁਆਰਿਆਂ ਦੀਆਂ ਜਾਇਦਾਦਾਂ ਨਿੱਜੀ ਹੱਥਾਂ ’ਚ ਦੇਣੀਆਂ, ਕਿਤਾਬ ਛਪਵਾ ਕੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਗਲਤ ਤੱਥ ਪੇਸ਼ ਕਰਨੇ ਅਤੇ ਸਿੱਖੀ ਦੇ ਪ੍ਰਚਾਰ ਦੀ ਥਾਂ ਕਮੇਟੀ ਦੇ ਫੰਡਾਂ ਦੀ ਨਿੱਜੀ ਮੁਫਾਦਾਂ ਲਈ ਵਰਤੋਂ ਕਰਨ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਹੁਣ ਲਾਂਭੇ ਕਰਨਾ ਪਵੇਗਾ।
ਇਸ ਮੌਕੇ ਰਾਮਗੜ੍ਹੀਆ ਫਾਊਂਡੇਸ਼ਨ ਦੇ ਸਕੱਤਰ ਜਨਰਲ ਗੁਰਮੀਤ ਸਿੰਘ ਕੁਲਾਰ ਨੇ ਰਾਮਗੜ੍ਹੀਆ ਬਿਰਾਦਰੀ ਵੱਲੋਂ ਸੂਬੇ ਦੀ ਤਰੱਕੀ ਤੇ ਰੁਜ਼ਗਾਰ ਲਈ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕੀਤਾ। ਜਸਵਿੰਦਰ ਧੀਮਾਨ ਨੇ ਸਵਾਗਤ ਅਤੇ ਕਰਤਾਰ ਕੰਬਾਈਨ ਦੇ ਡਾਇਰੈਕਟਰ ਮਨਜੀਤ ਲੋਟੇ ਨੇ ਧੰਨਵਾਦ ਕੀਤਾ। ਮੰਚ ਸੰਚਾਲਨ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਚੇਅਰਮੈਨ ਜਗਜੀਤ ਸਿੰਘ ਸੱਗੂ ਨੇ ਕੀਤਾ। ਇਸ ਮੌਕੇ ਸੁਖਵਿੰਦਰ ਬੱਬੂ, ਹਰਮੀਤ ਲੋਟੇ, ਮਨਪ੍ਰੀਤ ਲੋਟੇ, ਹਰਵਿੰਦਰ ਲੋਟੇ ਅਤੇ ਰਘਬੀਰ ਸੋਹਲ ਹਾਜ਼ਰ ਸਨ।