ਸੰਜੀਵ ਬੱਬੀ
ਚਮਕੌਰ ਸਾਹਿਬ, 19 ਮਈ
ਕਸਬਾ ਬੇਲਾ ਨਜ਼ਦੀਕ ਪੈਂਦੇ ਦਰਿਆ ਸਤਲੁਜ ਵਿੱਚੋਂ ਸਿੱਲਟ ਕੱਢਣ ਦੇ ਨਾਮ ’ਤੇ ਰੇਤੇ ਦੀ ਨਾਜਾਇਜ਼ ਮਾਈਨਿੰਗ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਲਾਕੇ ਦੇ ਯੂਥ ਆਗੂ ਲਖਵੀਰ ਸਿੰਘ ਲੱਖੀ, ਕਿਸਾਨ ਆਗੂ ਸਤਨਾਮ ਸਿੰਘ ਹੈਪੀ, ਜੱਗਾ ਜੱਸੜਾਂ, ਕੁਲਵੀਰ ਸਿੰਘ, ਲਵਲੀ ਬੇਲਾ ਅਤੇ ਮਨਜਿੰਦਰ ਸਿੰਘ ਹਾਫਿਜ਼ਾਬਾਦ ਆਦਿ ਨੇ ਦੱਸਿਆ ਕਿ ਇਹ ਨਾਜਾਇਜ਼ ਰੇਤੇ ਦੀ ਮਾਈਨਿੰਗ ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਹੋ ਰਹੀ ਹੈ, ਪਰ ਪ੍ਰਸ਼ਾਸਨ ਇਸ ਮਾਈਨਿੰਗ ਸਬੰਧੀ ਅੱਖਾਂ ਮੀਚੀ ਬੈਠਾ ਹੈ ਅਤੇ ਇਹ ਰੇਤੇ ਦੇ ਓਵਰਲੋਡ ਟਿੱਪਰ ਕਸਬਾ ਬੇਲਾ ਵਿੱਚੋਂ ਸੂਏ ਦੇ ਕੱਚੇ ਰਸਤੇ ਹੋ ਕੇ ਦਰਿਆ ਸਤਲੁਜ ਵਿੱਚੋਂ ਆਉਂਦੇ ਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਾਈਨਿੰਗ ਦੇ ਇਸ ਕੰਮ ਵਿੱਚ ਸੂਬੇ ਭਰ ਤੋਂ ਉੱਚ ਪੱਧਰ ਤੱਕ ਸਿਆਸੀ ਪਹੁੰਚ ਰੱਖਦੇ ਲੋਕ ਸਰਗਰਮ ਹਨ। ਭਾਵੇਂ ਕਿ ਇਲਾਕੇ ਦੇ ਲੋਕ ਇਸ ਕੁਦਰਤ ਵਿਰੋਧੀ ਧੰਦੇ ਦਾ ਡੱਟਵਾਂ ਵਿਰੋਧ ਵੀ ਕਰ ਰਹੇ ਹਨ ਪ੍ਰੰਤੂ ਦਿਨ ਰਾਤ ਮਾਈਨਿੰਗ ਦਾ ਕੰਮ ਬੇਖੌਫ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਓਵਰਲੋਡ ਟਿੱਪਰ ਰੇਤੇ ਨਾਲ ਭਰ ਕੇ ਦਰਿਆ ਦੇ ਬੰਨ੍ਹ ਉੱਤੋਂ ਦੀ ਹੁੰਦੇ ਹੋਏ ਸੂਏ ਦੇ ਬੰਨ੍ਹ ਰਾਹੀਂ ਕਸਬਾ ਬੇਲਾ ਦੇ ਮੇਨ ਸੜਕ ’ਤੇ ਲੱਗੇ ਪੁਲ ਰਾਹੀਂ ਆਪਣੀ ਮੰਜ਼ਿਲ ਵੱਲ ਰਵਾਨਾ ਹੁੰਦੇ ਹਨ। ਆਗੂਆਂ ਨੇ ਦੱਸਿਆ ਕਿ ਜਿਸ ਦਰਿਆ ਦੇ ਬੰਨ੍ਹ ਰਾਹੀਂ ਇਹ ਟਿੱਪਰ ਆਉਂਦੇ ਹਨ, ਉਹ ਬੰਨ੍ਹ ਦਰਿਆ ਦੇ ਪਾਣੀ ਨੂੰ ਰੋਕਣ ਲਈ ਕਿਸਾਨਾਂ ਦੀਆਂ ਨਿੱਜੀ ਜ਼ਮੀਨਾਂ ਵਿੱਚ ਬਣਾਇਆ ਹੋਇਆ ਹੈ, ਜਿਸ ’ਤੇ ਉਕਤ ਬੰਨ੍ਹ ਰਾਹੀਂ ਕੋਈ ਵੀ ਆਵਾਜਾਈ ਲਈ ਰਸਤਾ ਨਹੀਂ ਹੈ, ਪਰ ਪ੍ਰਸ਼ਾਸਨ ਦੀ ਮਿਲੀਭੁਗਤ ਰਾਹੀਂ ਉਕਤ ਬੰਨ੍ਹ ਦੇ ਰਸਤੇ ਨੂੰ ਰੋਜ਼ਾਨਾ ਜੇਸੀਬੀ ਮਸ਼ੀਨ ਰਾਹੀਂ ਠੀਕ ਕਰਕੇ ਟਿੱਪਰ ਲੰਘਾਏ ਜਾ ਰਹੇ ਹਨ, ਜਦੋਂ ਕਿ ਬੰਨ੍ਹਾਂ ਦੀ ਹਾਲਤ ਬਹੁਤ ਖਸਤਾ ਹੁੰਦੀ ਜਾ ਰਹੀ ਹੈ।
ਕੀ ਕਹਿੰਦੇ ਨੇ ਡਰੇਨੇਜ ਵਿਭਾਗ ਦੇ ਐੱਸਡੀਓ
ਇਸ ਸਬੰਧੀ ਜਦੋਂ ਡਰੇਨੇਜ ਵਿਭਾਗ ਦੇ ਸਬੰਧਤ ਐੱਸਡੀਓ ਗੀਤੇਸ਼ ੳਪਵੇਜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦਰਿਆ ਸਤਲੁਜ ਵਿੱਚ ਕੋਈ ਵੀ ਨਾਜਾਇਜ਼ ਰੇਤੇ ਦੀ ਮਾਈਨਿੰਗ ਨਹੀਂ ਹੁੰਦੀ ਸਗੋਂ ਸਰਕਾਰੀ ਹਦਾਇਤਾਂ ਅਨੁਸਾਰ ਡੀ ਸਿਲਟਿੰਗ ਦਾ ਰੇਤਾ ਹੀ ਕੱਢਿਆ ਜਾ ਰਿਹਾ ਹੈ।