ਚਮਕੌਰ ਸਾਹਿਬ: ਜ਼ਿਲ੍ਹਾ ਮਾਈਨਿੰਗ ਅਫਸਰ ਸਰਬਜੀਤ ਸਿੰਘ ਗਿੱਲ ਨੇ ਇੱਕ ਬਿਆਨ ਰਾਹੀਂ ਦਾਅਵਾ ਕੀਤਾ ਕਿ ਕਸਬਾ ਬੇਲਾ ਨੇੜੇ ਦਰਿਆ ਸਤਲੁਜ ਵਿੱਚ ਪਿੰਡ ਜਿੰਦਾਪੁਰ ਤੇ ਰੂਪਨਗਰ ਵਿੱਚ ਮਨਜੂਰਸ਼ੁਦਾ ਖੱਡਾਂ ਵਿੱਚ ਪੰਜਾਬ ਸਰਕਾਰ ਵੱਲੋਂ ਤੈਅ ਸਾਢੇ ਪੰਜ ਰੁਪਏ ਪ੍ਰਤੀ ਕਿਊਬਕ ਫੁੱਟ ਦੇ ਹਿਸਾਬ ਨਾਲ ਰੇਤਾ ਵੇਚਿਆ ਜਾ ਰਿਹਾ ਹੈ, ਜਿਸ ਦੀ ਨਿਗਰਾਨੀ ਮਾਈਨਿੰਗ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਜਿੰਦਾਪੁਰ, ਮਾਲੇਵਾਲ ਖੱਡ ਜੋ ਰੂਪਨਗਰ ਬਲਾਕ ਨੰਬਰ-1 ਦੀ ਮਨਜ਼ੂਰਸ਼ੁਦਾ ਖੱਡ ਹੈ, ਦਾ ਕੰਮ ਸਬੰਧਿਤ ਠੇਕੇਦਾਰ ਵੱਲੋਂ ਕੀਤਾ ਜਾ ਰਿਹਾ ਹੈ, ਜੋ ਸਮਝੌਤੇ ਵਿੱਚ ਦਰਜ ਖਸਰਾ ਨੰਬਰ ਅਤੇ ਪੀਐਮਐਮਆਰ-2013 ਦੇ ਨਿਯਮਾਂ ਮੁਤਾਬਕ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਢਾ ਨੇ ਇਸ ਖਣਨ ਨੂੰ ਛਾਪਾ ਮਾਰ ਕੇ ਬੰਦ ਕਰਵਾਇਆ ਸੀ ਅਤੇ ਸਰਕਾਰ ਤੇ ਰੇਤ ਮਾਫੀਆ ਨਾਲ ਮਿਲੇ ਹੋਏ ਦੇ ਇਲਜਾਮ ਵੀ ਲਾਏ ਸਨ। -ਨਿੱਜੀ ਪੱਤਰ ਪ੍ਰੇਰਕ