ਜੋਗਿੰਦਰ ਸਿੰਘ ਮਾਨ
ਮਾਨਸਾ, 6 ਜਨਵਰੀ
ਸੰਯੁਕਤ ਸਮਾਜ ਮੋਰਚੇ ਦੇ ਸੀਨੀਅਰ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਕਿਹਾ ਕਿ ਮੋਰਚੇ ਵੱਲੋਂ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਹਲਕਿਆਂ ’ਤੇ ਇਕੱਲਿਆਂ ਚੋਣ ਲੜੀ ਜਾਵੇਗੀ ਅਤੇ ਉਮੀਦਵਾਰਾਂ ਦਾ ਐਲਾਨ 2-3 ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਵੱਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ, ਜਿਸ ਦੀ ਤਿਆਰੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਉਹ ਅੱਜ ਇਥੇ ਬਾਬਾ ਬੂਝਾ ਸਿੰਘ ਭਵਨ ਵਿੱਚ ਜਥੇਬੰਦੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਭਾਵੇਂ ਬਲਵੀਰ ਸਿੰਘ ਰਾਜੇਵਾਲ ਦੀਆਂ ਕੇਜਰੀਵਾਲ ਨਾਲ ਮੀਟਿੰਗ ਸਬੰਧੀ ਕਨਸੋਆਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਮਿਲ ਰਹੀਆਂ ਸਨ ਪਰ ਉਹ ਆਮ ਆਦਮੀ ਪਾਰਟੀ ਨੂੰ ਵੀ ਪੂੰਜੀਵਾਦੀਆਂ ਦੀ ਪਾਰਟੀ ਮੰਨਦੇ ਹਨ ਅਤੇ ਸੰਯੁਕਤ ਸਮਾਜ ਮੋਰਚੇ ਦੇ ‘ਆਪ’ ਨਾਲ ਗੱਲਬਾਤ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਵੱਲੋਂ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਚੋਣ ਸਮਝੌਤਾ ਨਹੀਂ ਹੋ ਸਕਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਦੀਆਂ 34 ਰਿਜ਼ਰਵ ਸੀਟਾਂ ’ਤੇ ਮਜ਼ਦੂਰ ਧਿਰਾਂ ਵਿੱਚੋਂ ਉਮੀਦਵਾਰ ਉਤਾਰੇ ਜਾਣਗੇ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੀਆਂ ਸ਼ਹਿਰੀ ਸੀਟਾਂ ’ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਅਤੇ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਚੋਣ ਲੜਾਇਆ ਜਾਵੇਗਾ। ਰੁਲਦੂ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀਤੇ ਦਿਨ ਰੱਦ ਹੋਈ ਫਿਰੋਜ਼ਪੁਰ ਰੈਲੀ ਬਾਰੇ ਟਿੱਪਣੀ ਕਰਦਿਆਂ ਕਿਹਾ ਦੇਸ਼ ਦੇ ਕਿਸਾਨ ਇਕ ਸਾਲ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਰਹੇ ਅਤੇ ਇਸ ਦੌਰਾਨ ਕਰੀਬ ਸਾਢੇ ਸੱਤ ਸੌ ਕਿਸਾਨ-ਮਜ਼ਦੂਰ ਸ਼ਹੀਦ ਹੋਏ, ਜਿਨ੍ਹਾਂ ਦੇ ਅਫਸੋਸ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਵੀ ਲਫਜ਼ ਨਹੀਂ ਬੋਲਿਆ, ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਪ੍ਰਧਾਨ ਮੰਤਰੀ ਪ੍ਰਤੀ ਨਾਰਾਜ਼ਗੀ ਸੀ ਅਤੇ ਇਸੇ ਕਾਰਨ ਰੈਲੀ ਵਿੱਚ ਭਾਜਪਾ ਦੀ ਆਸ ਮੁਤਾਬਕ ਲੋਕ ਨਹੀਂ ਪਹੁੰਚੇ। ਉਨ੍ਹਾਂ ਭਾਜਪਾ ਨੂੰ ਅਸਲ ਸ਼ੀਸ਼ਾ ਦਿਖਾਉਣ ’ਤੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ।