ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 2 ਅਪਰੈਲ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀਪ ਸਿੱਧੂ ਨਾਲ ਕਦੇ ਵੀ ਮਿਲ ਕੇ ਨਹੀਂ ਚੱਲ ਸਕਦਾ ਕਿਉਂਕਿ ਉਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੱਖਾ ਸਿਧਾਣਾ ਨਾਲ ਨਜ਼ਦੀਕੀ ਵਧਾਉਣ ਦੇ ਦਿੱਤੇ ਬਿਆਨ ਦੇ ਸੰਦਰਭ ਵਿੱਚ ਨੇੜਲੇ ਭਵਿੱਖ ਵਿੱਚ ਦੀਪ ਸਿੱਧੂ ਨਾਲ ਵੀ ਕਿਸੇ ਕਿਸਮ ਦੀ ਨਜ਼ਦੀਕੀ ਵਧਣ ਦੀ ਸੰਭਾਵਨਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਵਿੱਚ ਫਰਕ ਹੈ। ਲੱਖੇ ਸਿਧਾਣੇ ਨੇ ਸਿਰਫ ਅਨੁਸ਼ਾਸਨ ਤੋੜਿਆ ਸੀ ਜਦ ਕਿ ਦੀਪ ਸਿੱਧੂ ਨੇ ਉਹ ਕੰਮ ਕੀਤਾ ਜਿਸ ਨਾਲ ਕਿਸਾਨ ਅੰਦੋਲਨ ਟੁੱਟਿਆ ਹੈ ਅਤੇ ਧਾਰਮਿਕ ਦੰਗੇ ਵੀ ਭੜਕ ਜਾਣੇ ਸਨ। ਹਰਿਆਣੇ ਵਿੱਚ ਕਿਸਾਨਾਂ ਨੂੰ ਕਣਕ ਦੀ ਸਿੱਧੀ ਅਦਾਇਗੀ ਦੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਸਾਜਿਸ਼ ਕਦਮ ਦਰ ਕਦਮ ਮੰਡੀਆਂ ਨੂੰ ਤੋੜਨ ਤੇ ਕਿਸਾਨਾਂ ਤੇ ਆੜ੍ਹਤੀਆਂ ਵਿਚਕਾਰ ਕੁੜੱਤਣ ਵਧਾਉਣ ਦੀ ਹੈ।