ਡੀਪੀਐੱਸ ਬੱਤਰਾ
ਸਮਰਾਲਾ, 2 ਦਸੰਬਰ
ਹੇਡੋਂ ਨੇੜੇ ਭਿਆਨਕ ਸੜਕ ਹਾਦਸੇ ’ਚ ਪਸ਼ੂਆਂ ਲਈ ਚਾਰਾ ਲੈਣ ਜਾਂਦੇ ਸਮੇਂ ਮਾਂ-ਧੀ ਦੀ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਲਪੇਟ ‘ਚ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਨੇ ਵੀ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਉਸ ਦੇ ਇੱਕ ਹੋਰ ਸਾਥੀ ਦੀ ਹਾਲਤ ਗੰਭੀਰ ਹੈ।
ਇਹ ਹਾਦਸਾ ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਪਿੰਡ ਹੇਡੋਂ ਨੇੜੇ ਉਸ ਵੇਲੇ ਵਾਪਰਿਆ, ਜਦੋਂ ਸੁਖਵਿੰਦਰ ਕੌਰ (46) ਪਤਨੀ ਬਬਲਾ ਸਿੰਘ ਅਤੇ ਉਸ ਦੀ ਧੀ ਹਰਪ੍ਰੀਤ ਕੌਰ (20) ਵਾਸੀ ਪਿੰਡ ਹੇਡੋਂ ਦੁਪਹਿਰ ਕਰੀਬ 12 ਵਜੇ ਆਪਣੇ ਪਸ਼ੂਆਂ ਲਈ ਪੈਦਲ ਹੀ ਪੱਠੇ ਲੈਣ ਜਾ ਰਹੀਆਂ ਸਨ। ਅਚਾਨਕ ਪਿੱਛੇ ਤੋਂ ਆ ਰਿਹਾ ਤੇਜ਼ ਰਫ਼ਤਾਰ ਮੋਟਰਸਾਈਕਲ ਇਨ੍ਹਾਂ ਦੋਹਾਂ ਨੂੰ ਘੜੀਸਦਾ ਹੋਇਆ ਕਾਫੀ ਦੂਰ ਤੱਕ ਲੈ ਗਿਆ ਅਤੇ ਦੋਹਾਂ ਦੀ ਥਾਂ ’ਤੇ ਹੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ‘ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਵੀ ਘਟਨਾ ਸਥਾਨ ’ਤੇ ਮੌਤ ਹੋ ਗਈ, ਜਦੋਂ ਕਿ ਮੋਟਰਸਾਈਕਲ ਸਵਾਰ ਦੂਜਾ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀਂ ਹੋ ਗਿਆ। ਉਸ ਨੂੰ ਸਥਾਨਕ ਸਿਵਲ ਹਸਪਤਾਲ ‘ਚ ਮੁੱਢਲੀ ਡਾਕਟਰੀ ਸਹਾਇਤਾ ਉਪਰੰਤ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ‘ਚ ਮਰਨ ਵਾਲੇ ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਅਤੇ ਉਸ ਦੇ ਨਾਲ ਦਾ ਜ਼ਖਮੀਂ ਸਾਥੀ ਲੁਧਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।