ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਅਕਤੂਬਰ
ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿੱਚ ਦੋ ਨੌਜਵਾਨਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਾਵਾਂ ਲੈ ਕੇ ਕੀਤੇ ਸਮਲਿੰਗੀ ਵਿਆਹ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅਕਾਲ ਤਖਤ ਨੇ ਸਿੱਖ ਸੰਗਤਾਂ ਤੇ ਗੁਰਦੁਆਰਾ ਕਮੇਟੀਆਂ ਨੂੰ ਆਖਿਆ ਕਿ ਉਹ ਅਨੰਦ ਕਾਰਜ ਕਰਾਉਣ ਵਾਲੇ ਇਸ ਵਿਅਕਤੀ ਕੋਲੋਂ ਪਾਵਨ ਸਰੂਪ ਲੈ ਲੈਣ ਤੇ ਇਸ ਨੂੰ ਸਤਿਕਾਰ ਸਹਿਤ ਨੇੜਲੇ ਗੁਰਦੁਆਰੇ ਵਿਚ ਰੱਖਿਆ ਜਾਵੇ।
ਮਿਲੇ ਵੇਰਵਿਆਂ ਮੁਤਾਬਕ ਇਸ ਸਬੰਧੀ ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਪੱਤਰ ਸ਼ਿਕਾਇਤ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਨੂੰ ਭੇਜਿਆ ਗਿਆ ਹੈ ਜਿਸ ’ਚ ਵਿਦੇਸ਼ ਦੀਆਂ ਸਿੱਖ ਸੰਗਤ ਤੇ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਆਖਿਆ ਹੈ ਕਿ ਉਹ ਇਸ ਵਿਅਕਤੀ ਜਿਸ ਨੇ ਕਿਸੇ ਹੋਟਲ ਆਦਿ ਵਿਚ ਅਨੰਦ ਕਾਰਜ ਕਰਾਇਆ ਸੀ, ਕੋਲੋਂ ਪਾਵਨ ਸਰੂਪ ਲੈ ਲਿਆ ਜਾਵੇ। ਉਨ੍ਹਾਂ 1998 ਵਿੱਚ ਜਾਰੀ ਹੁਕਮਨਾਮੇ ਦਾ ਹਵਾਲਾ ਦਿੰਦਿਆਂ ਆਖਿਆ ਕਿ ਪਾਵਨ ਸਰੂਪ ਮੈਰਿਜ ਪੈਲੇਸਾਂ ਆਦਿ ਵਿੱਚ ਲਿਜਾਣ ’ਤੇ ਰੋਕ ਲਾਈ ਗਈ ਹੈ। ਦੱਸਣਯੋਗ ਹੈ ਕਿ ਅਕਾਲ ਤਖ਼ਤ ਵਲੋਂ ਸਮਲਿੰਗੀ ਵਿਆਹ ਨੂੰ ਵੀ ਮਾਨਤਾ ਨਹੀਂ ਦਿੱਤੀ ਗਈ ਹੈ।
ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਅਕਾਲ ਤਖ਼ਤ ਵੱਲੋਂ ਭੇਜਿਆ ਪੱਤਰ ਨਹੀਂ ਮਿਲਿਆ ਹੈ। ਇਹ ਸਮਲਿੰਗੀ ਵਿਆਹ ਪੰਜਾਬੀ ਤੇ ਦੱਖਣੀ ਭਾਰਤ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਹੈ। ਇਨ੍ਹਾਂ ਕਿਸੇ ਹੋਟਲ ਵਿੱਚ ਖੁੱਲ੍ਹੀ ਥਾਂ ’ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਮਲਿੰਗੀ ਵਿਆਹ ਕਰਾਇਆ ਸੀ। ਉਨ੍ਹਾਂ ਅਕਾਲ ਤਖ਼ਤ ’ਤੇ ਸ਼ਿਕਾਇਤ ਵੀ ਭੇਜੀ ਸੀ। ਇਹ ਵੀ ਪਤਾ ਲੱਗਾ ਹੈ ਕਿ ਸਮਲਿੰਗੀ ਵਿਆਹ ਕਰਾਉਣ ਵਾਲੇ ਸਿੱਖ ਨੌਜਵਾਨ ਦੀ ਸ਼ਨਾਖਤ ਕਰ ਲਈ ਗਈ ਹੈ।