ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਚੰਡੀਗੜ੍ਹ ਟ੍ਰਾਈਸਿਟੀ ਦੀ ਇੰਡੀਅਨ ਵੂਮੈੱਨ ਨੈਟਵਰਕ ਦੀ ਸਾਲਾਨਾ ਕਾਨਫਰੰਸ ਵਿੱਚ ਅੱਜ ਮਸ਼ਹੂਰ ਅਦਾਕਾਰਾ, ਨਰਤਕੀ ਤੇ ਸਮਾਜਿਕ ਕਾਰਕੁਨ ਮਲਿਕਾ ਸਾਰਾਭਾਈ ਨੇ ‘ਡਾਇਵਰਸਿਟੀ ਬਿਯੌਂਡ ਜੈਂਡਰ’ ਵਿਸ਼ੇ ’ਤੇ ਭਾਸ਼ਣ ਦਿੱਤਾ। ਉਨ੍ਹਾਂ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਿਸਾਨ ਅੰਦੋਲਨ ਰਾਹੀਂ ਭਾਰਤ ਵਿੱਚ ਜਮਹੂਰੀਅਤ ਨੂੰ ਬਚਾਉਣ ’ਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜਮਹੂਰੀਅਤ ਖਤਰੇ ਵਿੱਚ ਹੈ ਕਿਉਂਕਿ ਜ਼ਿੰਦਗੀ ਦੇ ਹਰ ਸ਼ੋਅਬੇ ਵਿੱਚ ਇਕੋ ਰੰਗਤ ਅਤੇ ਇਕਸਾਰਤਾ ਦੀ ਮੰਗ ਉਠਾਈ ਜਾ ਰਹੀ ਹੈ। ਉਨ੍ਹਾਂ ਅਨੁਸਾਰ ਦੇਸ਼ ਵਧੀਆ ਸੜਕਾਂ ਤੇ ਵਧੀਆ ਜਹਾਜ਼ ਬਣਾਉਣ ਨਾਲ ਹੀ ਤਰੱਕੀ ਨਹੀਂ ਕਰਦਾ, ਸਗੋਂ ਤਰੱਕੀ ਕਰਨ ਲਈ ਵੱਖ-ਵੱਖ ਵਰਗਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਮਲਿਕਾ ਸਾਰਾਭਾਈ ਦੇਸ਼ ਵਿੱਚ ਪੁਲਾੜ-ਵਿਗਿਆਨ ਦੀ ਨੀਂਹ ਰੱਖਣ ਵਾਲੇ ਵਿਗਿਆਨੀ ਵਿਕਰਮ ਸਾਰਾਭਾਈ ਅਤੇ ਮਸ਼ਹੂਰੀ ਕਲਾਕਾਰ ਤੇ ਲੇਖਕ ਮ੍ਰਿਣਾਲਿਨੀ ਸਾਰਾਭਾਈ ਦੀ ਪੁੱਤਰੀ ਹੈ। ਉਸ ਦੀ ਭੂਆ ਮਿਰਦੁਲਾ ਸਾਰਾਭਾਈ ਨੇ ਨਾ ਸਿਰਫ ਆਜ਼ਾਦੀ ਸੰਘਰਸ਼ ਵਿੱਚ ਹਿੱਸਾ ਪਾਇਆ ਸੀ, ਸਗੋਂ 1947 ਦੀ ਪੰਜਾਬ ਵੰਡ ਦੌਰਾਨ ਔਰਤਾਂ ਨੂੰ ਬਚਾਉਣ ਲਈ ਵੀ ਵੱਡੇ ਉਪਰਾਲੇ ਕੀਤੇ ਸਨ। ਮਲਿਕਾ ਸਾਰਾਭਾਈ ਨੇ ਕਿਹਾ ਕਿ ਅਸੀਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਤਾਂ ਜ਼ਰੂਰ ਹਾਂ, ਪਰ ਉਨ੍ਹਾਂ ਵਿੱਚ ਦਿੱਤੀ ਸਿੱਖਿਆ ’ਤੇ ਅਮਲ ਨਹੀਂ ਕਰਦੇ। ਉਨ੍ਹਾਂ ਕਿਹਾ, ‘‘ਸਾਡੇ ਕੋਲ ਮਹਾਨ ਵਿਰਾਸਤ ਹੈ ਤੇ ਸਾਨੂੰ ਉਸ ਅਨੁਸਾਰ ਘੱਟ ਸਾਧਨਾਂ ਵਾਲੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ।’’ ਉਨ੍ਹਾਂ ਸਮਾਜਿਕ ਵਖਰੇਵਿਆਂ ਦੀ ਪਛਾਣ ਤੇ ਉਨ੍ਹਾਂ ਦਾ ਮਾਣ-ਸਨਮਾਨ ਕਰਨ ਦੇ ਨਾਲ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਗਲੇ ਲਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਜਦੋਂ 56 ਫੀਸਦ ਲੋਕਾਂ ਨੂੰ ਆਪਣੀ ਖੁਰਾਕ ਘਟਾਉਣੀ ਪਵੇ, ਉਦੋਂ ਹਰ ਚੀਜ਼ ਨੂੰ ਜੀਡੀਪੀ ਅਨੁਸਾਰ ਨਹੀਂ ਨਾਪਿਆ ਜਾ ਸਕਦਾ।’’ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਮਲਿਕਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਪੰਜਾਬ ਨਾਲ ਪੁਰਾਣੀ ਸਾਂਝ ਹੈ ਤੇ ਉਹ ਪੰਜ ਸਾਲ ਦੀ ਉਮਰ ਵਿੱਚ ਭਾਖੜਾ ਡੈਮ ਦੇ ਉਦਘਾਟਨ ਮੌਕੇ ਪੰਜਾਬ ਆਈ ਸੀ। ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਨਾਲ ਸਬੰਧਤ ਵੂਮੈੱਨ ਨੈੱਟਵਰਕ ਦੀ ਇਸ ਮੀਟਿੰਗ ਵਿੱਚ ਨਗੀਨਾ ਬੈਂਸ ਨੂੰ ਨਵੀਂ ਚੇਅਰਪਰਸਨ ਥਾਪਿਆ ਗਿਆ। ਉਨ੍ਹਾਂ ਤੋਂ ਪਹਿਲਾਂ ਅਨੁਪਮ ਜੈਨ ਚੇਅਰਪਰਸਨ ਸਨ।