ਦਵਿੰਦਰ ਪਾਲ
ਚੰਡੀਗੜ੍ਹ, 19 ਮਾਰਚ
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਪਿਛਲੇ ਸਾਢੇ ਪੰਜ ਮਹੀਨਿਆਂ ਤੋਂ ਚੱਲ ਰਹੇ ਕਿਸਾਨ-ਮੋਰਚਿਆਂ ’ਚ ਪੈਪਸੂ ਮੁਜਾਰਾ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਅਤੇ ਅਨਾਜ-ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ਐੱਫਸੀਆਈ ਦੀਆਂ ਕਣਕ ਦੀ ਖਰੀਦ ਸਬੰਧੀ ਨਵੀਆਂ ਸ਼ਰਤਾਂ ਖ਼ਿਲਾਫ਼ ਰੋਸ-ਮੁਜ਼ਾਹਰੇ ਕੀਤੇ ਗਏ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਕਿਸਾਨ ਆਗੂ ਪ੍ਰੇਮ ਸਿੰਘ ਭੰਗੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਰੇਲਵੇ-ਪਾਰਕਾਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼ ਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਲਾਏ ਧਰਨਿਆਂ ਵਿੱਚ ਪੈਪਸੂ ਮੁਜਾਰਾ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਕਿਸਾਨ ਬੁਲਾਰਿਆਂ ਨੇ ਮੁਜਾਰਾ ਲਹਿਰ ਦੇ ਆਗੂਆਂ ਦੀਆਂ ਕੁਰਬਾਨੀਆਂ ਨੂੰ ਜ਼ਮੀਨਾਂ ਦੀ ਰਾਖੀ ਲਈ ਬੁਲੰਦੀਆਂ ਛੂਹ ਰਹੇ ਮੌਜੂਦਾ ਕਿਸਾਨ ਘੋਲ ਲਈ ਪ੍ਰੇਰਨਾ ਸਰੋਤ ਦੱਸਿਆ। ਐੱਮਐੱਸਪੀ ’ਤੇ ਕਣਕ ਦੀ ਸਰਕਾਰੀ ਖ਼ਰੀਦ ਲਈ ਜਮ੍ਹਾਂਬੰਦੀਆਂ ਦੀ ਅੜਿੱਕਾ ਪਾਊ ਸ਼ਰਤ ਨੂੰ ਛੋਟੇ ਤੇ ਬੇਜ਼ਮੀਨੇ ਕਿਸਾਨਾਂ ਦੀ ਕਣਕ ਵੱਡੇ ਵਪਾਰੀਆਂ ਤੇ ਕਾਰਪੋਰੇਟ ਘਰਾਣਿਆਂ ਵੱਲੋਂ ਕੌਡੀਆਂ ਦੇ ਭਾਅ ਲੁੱਟੇ ਜਾਣ ਦੀ ਖੁੱਲ੍ਹ ਕਰਾਰ ਦਿੱਤਾ ਗਿਆ।
ਕਿਸਾਨ ਜਥੇਬੰਦੀ ਵੱਲੋਂ ਮੰਡੀਆਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਮੰਗ ਪੱਤਰ ਮੰਡੀਕਰਨ/ਸਿਵਲ ਅਧਿਕਾਰੀਆਂ ਨੂੰ ਸੌਂਪੇ ਗਏ। ਬੁਲਾਰਿਆਂ ਨੇ 23 ਮਾਰਚ ਨੂੰ ਦਿੱਲੀ ਮੋਰਚਿਆਂ ’ਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਵੱਡੇ ਕਾਫ਼ਲਿਆਂ ਦੇ ਰੂਪ ’ਚ ਪਹੁੰਚਣ ਦੀ ਅਪੀਲ ਕੀਤੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਮੂਹ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਤੇ ਛੋਟੇ ਕਾਰੋਬਾਰੀਆਂ ਨੂੰ 26 ਤਾਰੀਕ ਦੇ ਮੁਕੰਮਲ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਕਰਨ ਲਈ ਅੱਜ ਤੋਂ ਹੀ ਜ਼ੋਰਦਾਰ ਤਿਆਰੀਆਂ ਵਿੱਚ ਜੁੱਟਣ ਦਾ ਸੱਦਾ ਦਿੱਤਾ।
ਖਰੀਦ ਸਬੰਧੀ ਸ਼ਰਤਾਂ ਖ਼ਿਲਾਫ਼ ਡਕੌਂਦਾ ਧੜੇ ਵੱਲੋਂ ਪ੍ਰਦਰਸ਼ਨ
ਪਟਿਆਲਾ (ਸਰਬਜੀਤ ਸਿੰਘ ਭੰਗੂ): ‘ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ’ਤੇ ਕਿਸਾਨ ਯੂਨੀਅਨ ਡਕੌਂਦਾ ਨੇ ਵੀ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਪੰਜਾਬ ਭਰ ’ਚ ਰੋਸ ਮੁਜ਼ਾਹਰੇ ਕੀਤੇ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਦੱਸਿਆ ਕਿ ਸੂਬੇ ਭਰ ’ਚ ਅਨਾਜ ਮੰਡੀਆਂ ਤੇ ਹੋਰਨਾਂ ਥਾਵਾਂ ’ਤੇ ਇਕੱਤਰ ਹੋ ਕੇ ਜਿਣਸ ਦੀ ਖਰੀਦ ਤੇ ਅਦਾਇਗੀ ਸਬੰਧੀ ਮਾਰੂ ਸ਼ਰਤਾਂ ਸਬੰਧੀ ਕੇਂਦਰ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਗਏ। ਇਸ ਦੌਰਾਨ ਡਿਪਟੀ ਕਮਿਸ਼ਨਰਾਂ, ਐੱਸਡੀਐੱਮ, ਤਹਿਸੀਲਦਾਰਾਂ ਅਤੇ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਪੱਤਰ ਭੇਜਦਿਆਂ ਕਣਕ ਦੀ ਖਰੀਦ ਸਬੰਧੀ ਐੱਫਸੀਆਈ ਵੱਲੋਂ ਤੈਅ ਕੀਤੀਆਂ ਸ਼ਰਤਾਂ ਤੁਰੰਤ ਰੱਦ ਕਰਨ ਮੰਗ ਦੀ ਕੀਤੀ ਗਈ। ਆਗੂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਐੱਫਸੀਆਈ ਨੂੰ ਜ਼ਮੀਨਾਂ ਦਾ ਕੋਈ ਰਿਕਾਰਡ ਨਾ ਜਮ੍ਹਾਂ ਕਰਵਾਉਣ। ਇਸੇ ਦੌਰਾਨ ਪਟਿਆਲਾ ’ਚ ਵੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਢਕੜੱਬਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤੇ ਗਏ।