ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 20 ਮਾਰਚ
ਭਾਜਪਾ ਹਰਿਆਣਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੀ ਅਗਵਾਈ ਹੇਠ ਅੰਬਾਲਾ ਤੋਂ ਸ਼ੁਰੂ ਹੋਈ ‘ਸ਼ਹੀਦ ਨਮਨ ਯਾਤਰਾ’ ਹੁਸੈਨੀਵਾਲਾ, ਵਾਹਗਾ ਬਾਰਡਰ ਤੋਂ ਹੁੰਦਿਆਂ ਅੱਜ ਜੱਲ੍ਹਿਆਂਵਾਲਾ ਬਾਗ ਪਹੁੰਚੀ, ਜਿੱਥੇ ਭਾਜਪਾ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸ੍ਰੀ ਧਨਖੜ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਯੋਧਿਆਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਕਾ ਜੱਲ੍ਹਿਆਂਵਾਲਾ ਬਾਗ ਇੱਕ ਬੁਰੀ ਯਾਦ ਦੀ ਤਰ੍ਹਾਂ ਹੈ ਪਰ ਇਸ ਨੂੰ ਯਾਦ ਰੱਖਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾ ਮੁੜ ਨਾ ਵਾਪਰੇ। ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਊਧਮ ਸਿੰਘ ਵਰਗੇ ਯੋਧੇ ਨੇ ਜੱਲ੍ਹਿਆਂਵਾਲਾ ਬਾਗ ਦੀ ਘਟਨਾ ਸਾਲਾਂ ਤੱਕ ਯਾਦ ਰੱਖੀ ਅਤੇ ਫਿਰ ਇੰਗਲੈਂਡ ਜਾ ਕੇ ਅੰਗਰੇਜ਼ ਅਫ਼ਸਰ ਨੂੰ ਉਸ ਦੇ ਕੀਤੇ ਜੁਰਮ ਦੀ ਸਜ਼ਾ ਦਿੱਤੀ। ਅਜਿਹੇ ਮਹਾਨ ਆਜ਼ਾਦੀ ਘੁਲਾਟੀਏ ਨੂੰ ਹਰ ਪਲ ਯਾਦ ਕਰਦਿਆਂ ਸਾਨੂੰ ਉਨ੍ਹਾਂ ਦਾ ਦਿਲੋਂ ਸਨਮਾਨ ਕਰਨਾ ਚਾਹੀਦਾ ਹੈ। ਜੇ ਅਸੀਂ ਆਪਣੇ ਸ਼ਹੀਦਾਂ ਤੋਂ ਪ੍ਰੇਰਿਤ ਹੋ ਕੇ ਅੱਗੇ ਵਧਾਂਗੇ ਤਾਂ ਦੇਸ਼ ਨੂੰ ਹਮੇਸ਼ਾ ਸੁਰੱਖਿਅਤ ਰੱਖ ਸਕਾਂਗੇ।
ਸ੍ਰੀ ਧਨਖੜ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਦੇਸ਼ ਦੇ ਲੱਖਾਂ ਲੋਕਾਂ ਨੇ ਆਪਣੀ ਜਾਨ ਦਿੱਤੀ। ਇਸ ਲਈ ਭਾਜਪਾ ਆਜ਼ਾਦੀ ਦੇ ‘ਅੰਮ੍ਰਿਤ ਉਤਸਵ’ ਵਿੱਚ ਹਰ ਸ਼ਹੀਦ ਨੂੰ ਯਾਦ ਕਰ ਕੇ ਉਨ੍ਹਾਂ ਦੀ ਬਹਾਦਰੀ ਦੇ ਕਿੱਸੇ ਜੱਗ-ਜ਼ਾਹਿਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਅਤੇ ਗੁਰੂਆਂ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਇਹ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਭਾਜਪਾ ਵਰਕਰਾਂ ਵੱਲੋਂ ਹੁਸੈਨੀਵਾਲਾ ਅਤੇ ਜੱਲ੍ਹਿਆਂਵਾਲਾ ਬਾਗ ਦੀ ਮਿੱਟੀ ਹਰਿਆਣਾ ਦੇ ਹਰ ਪਿੰਡ ਤੱਕ ਪਹੁੰਚਾਈ ਜਾਵੇਗੀ। ਇਸ ਮੌਕੇ ਭਾਜਪਾ ਹਰਿਆਣਾ ਦੇ ਜਨਰਲ ਸਕੱਤਰ ਵੇਦਪਾਲ ਐਡਵੋਕੇਟ, ਪਵਨ ਸੈਣੀ, ਮੋਹਨ ਲਾਲ ਬਡੋਲੀ, ਮੀਡੀਆ ਪ੍ਰਮੁੱਖ ਸੰਜੈ ਸ਼ਰਮਾ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਭਾਜਪਾ ਯੁਵਾ ਮੋਰਚਾ ਵੱਲੋਂ 23 ਮਾਰਚ ਨੂੰ ਸ਼ਹੀਦਾਂ ਨੂੰ ਸਮਰਪਿਤ ਸਮਾਗਮ
ਓਮ ਪ੍ਰਕਾਸ਼ ਧਨਖੜ ਨੇ ਦੱਸਿਆ ਕਿ 23 ਮਾਰਚ ਨੂੰ ਹਰਿਆਣਾ ਦੇ ਸਾਰੇ 307 ਮੰਡਲਾਂ ਵਿੱਚ ਭਾਜਪਾ ਯੁਵਾ ਮੋਰਚਾ ਵੱਲੋਂ ਪ੍ਰੋਗਰਾਮ ਉਲੀਕ ਕੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਯਾਦ ਕੀਤਾ ਜਾਵੇਗਾ। ਇਸੇ ਦਿਨ ਜੱਲ੍ਹਿਆਂਵਾਲਾ ਬਾਗ ਦੀ ਮਿੱਟੀ ਦਾ ਤਿਲਕ ਲਾ ਕੇ ਇਨ੍ਹਾਂ ਵੀਰਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਰਾਹੁਲ ਰਾਣਾ ਨੇ ਕਿਹਾ ਕਿ 23 ਮਾਰਚ ਦੇ ਪ੍ਰੋਗਰਾਮ ਵਿੱਚ ਇਸ ਮਹੀਨੇ ਮੈਂਬਰਸ਼ਿਪ ਲੈਣ ਵਾਲੇ ਚਾਰ ਲੱਖ ਦੇ ਕਰੀਬ ਵਰਕਰ ਵੀ ਹਿੱਸਾ ਲੈਣਗੇ।