ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਅਗਸਤ
ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਵਿੱਚ ਪਾਣੀ ਘਾਟ ਬਾਰੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਸ ਨੂੰ ਤੁਰੰਤ ਹੱਲ ਕਰਨ ਦੀ ਲੋੜ ਹੈ। ਕੱਲ੍ਹ ਦੇਰ ਸ਼ਾਮ ਸੰਸਦ ਵਿੱਚ ਬੋਲਦਿਆਂ ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ। ਸੂਬੇ ਦੀ ਖੇਤੀਬਾੜੀ ਵਾਲੀ ਜ਼ਮੀਨ ਦੀ ਸਿੰਜਾਈ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਅੰਕੜਿਆਂ ਅਨੁਸਾਰ ਸੂਬੇ ਵਿੱਚ 69.31 ਫ਼ੀਸਦੀ ਬੋਰਵੈੱਲਾਂ ਵਿੱਚ ਪਾਣੀ ਦੀ ਘਾਟ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਈ ਰਿਪੋਰਟਾਂ ਹਨ ਕਿ ਪੰਜਾਬ ਦੇ ਪਾਣੀ ਦੀ ਸਪਲਾਈ ਵਿੱਚ ਆਰਸੈਨਿਕ, ਕ੍ਰੋਮੀਅਮ, ਕੈਡਮੀਅਮ ਤੇ ਲੈਡ ਆਦਿ ਦੀ ਪੁਸ਼ਟੀ ਹੋਈ ਹੈ। ਸ੍ਰੀ ਸਾਹਨੀ ਨੇ ਸਤਲੁਜ ਦੀ ਸਹਾਇਕ ਨਦੀ ‘ਬੁੱਢੇ ਨਾਲੇ’ ਦਾ ਮੁੱਦਾ ਵੀ ਉਠਾਇਆ।