ਨਵੀਂ ਦਿੱਲੀ/ਚੰਡੀਗੜ੍ਹ, 12 ਮਾਰਚ
ਭਾਰਤੀ ਸਾਹਿਤ ਅਕਾਦਮੀ ਨੇ ਸੰਨ 2020 ਲਈ ਸਾਹਿਤ ਅਕਾਦਮੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਪੰਜਾਬੀ ਸਾਹਿਤ ਲਈ ਇਹ ਸਨਮਾਨ ਗੁਰਦੇਵ ਸਿੰਘ ਰੁਪਾਣਾ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ‘ਆਮ-ਖਾਸ’ ਲਈ ਦਿੱਤਾ ਗਿਆ ਹੈ। ਇਸ ਕਿਤਾਬ ਨੂੰ ਪਹਿਲਾਂ ‘ਢਾਹਾਂ ਪੁਰਸਕਾਰ’ ਵੀ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਸਿਆਸਤਦਾਨ-ਲੇਖਕ ਐੱਮ. ਵੀਰੱਪਾ ਮੋਇਲੀ, ਕਵਿੱਤਰੀ ਅਰੁੰਧਤੀ ਸੁਬਰਾਮਣੀਅਮ ਵੀ ਉਨ੍ਹਾਂ 20 ਲੇਖਕਾਂ ਵਿਚ ਸ਼ੁਮਾਰ ਹਨ ਜਿਨ੍ਹਾਂ ਨੂੰ ਸਾਹਿਤ ਅਕਾਦਮੀ ਸਨਮਾਨ ਨਾਲ ਨਿਵਾਜਿਆ ਜਾਵੇਗਾ। ਸੁਬਰਾਮਣੀਅਮ ਨੂੰ ਇਹ ਸਨਮਾਨ ਉਸ ਦੇ ਕਾਵਿ ਸੰਗ੍ਰਹਿ ‘ਵੈੱਨ੍ਹ ਗੌਡ ਇਜ਼ ਏ ਟਰੈਵਲਰ’ (ਅੰਗਰੇਜ਼ੀ) ਲਈ ਦਿੱਤਾ ਗਿਆ ਹੈ। ਜਦਕਿ ਮੋਇਲੀ ਨੂੰ ਇਹ ਸਨਮਾਨ ਕੰਨੜ ਭਾਸ਼ਾ ਵਿਚ ਉਨ੍ਹਾਂ ਦੇ ਮਹਾਂ ਕਾਵਿ ‘ਸ੍ਰੀ ਬਾਹੂਬਲੀ ਅਹਿੰਸਾਦਿਗਵਿਜਯਮ’ ਲਈ ਦਿੱਤਾ ਗਿਆ ਹੈ। ਇਨਾਮਾਂ ਦੀ ਸੂਚੀ ਵਿਚ ਸੱਤ ਕਵਿਤਾਵਾਂ ਦੀਆਂ ਪੁਸਤਕਾਂ, ਚਾਰ ਨਾਵਲ, ਪੰਜ ਲਘੂ ਕਹਾਣੀਆਂ, ਦੋ ਨਾਟਕ ਤੇ ਹੋਰ ਰਚਨਾਵਾਂ ਸ਼ਾਮਲ ਹਨ। ਇਹ 20 ਭਾਰਤੀ ਭਾਸ਼ਾਵਾਂ ਵਿਚ ਹਨ। ਸੁਬਰਾਮਣੀਅਮ ਤੋਂ ਇਲਾਵਾ ਅਨਾਮਿਕਾ ਨੂੰ ਹਿੰਦੀ ਭਾਸ਼ਾ ਲਈ, ਹਰੀਸ਼ ਮੀਨਾਕਸ਼ੀ ਨੂੰ ਗੁਜਰਾਤੀ ਲਈ, ਨੰਦਾ ਖ਼ਰੇ ਨੂੰ ਮਰਾਠੀ ਲਈ ਸਾਹਿਤ ਅਕਾਦਮੀ ਸਨਮਾਨ ਦਿੱਤਾ ਗਿਆ ਹੈ। ਗਿਆਨ ਸਿੰਘ ਨੂੰ ਡੋਗਰੀ ਤੇ ਜੇਠੋ ਲਾਲਵਾਨੀ ਨੂੰ ਸਿੰਧੀ ਭਾਸ਼ਾ ਦੇ ਨਾਟਕਾਂ ਲਈ ਸਾਹਿਤ ਅਕਾਦਮੀ ਸਨਮਾਨ ਮਿਲਿਆ ਹੈ। -ਪੀਟੀਆਈ
ਜੀਵੰਤ ਮੁੱਦਿਆਂ ਨੂੰ ਚਿਤਰਿਆ ਹੈ ਗੁਰਦੇਵ ਰੁਪਾਣਾ ਨੇ
ਗੁਰਦੇਵ ਸਿੰਘ ਰੁਪਾਣਾ ਨੇ ਆਪਣੇ ਨਾਵਲਾਂ ਤੇ ਕਹਾਣੀਆਂ ਵਿਚ ਮਾਲਵੇ ਦੇ ਜਨਜੀਵਨ ਨੂੰ ਬਹੁਤ ਜੀਵੰਤ ਢੰਗ ਨਾਲ ਚਿਤਰਿਆ ਹੈ। ਉਸ ਨੇ ਸਮਾਜਿਕ ਯਥਾਰਥ ਦੇ ਨਾਲ-ਨਾਲ ਮਨੁੱਖੀ ਮਨ ਦੀ ਮਨੋਵਿਗਿਆਨਕ ਤਹਿ ਦੀ ਥਾਹ ਪਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਰੁਪਾਣਾ ਦੇ ਨਾਵਲ ‘ਗੋਰੀ’ ਨੂੰ ਕਲਾਸਿਕ ਮੰਨਿਆ ਜਾਂਦਾ ਹੈ ਤੇ ਇਸ ਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ‘ਗੋਰੀ’ ਔਰਤ ਮਨ ਦੀਆਂ ਗਹਿਰਾਈਆਂ ਨੂੰ ਚਿਤਰਣ ਵਾਲਾ ਮਿਸਾਲੀ ਨਾਵਲ ਹੈ। ਉਸ ਦੀ ਕਹਾਣੀ ‘ਸ਼ੀਸ਼ਾ’ ਦੀ ਤੁਲਨਾ ਵੰਡ ਬਾਰੇ ਸਾਅਦਤ ਹਸਨ ਮੰਟੋ ਅਤੇ ਰਾਜਿੰਦਰ ਸਿੰਘ ਬੇਦੀ ਦੀਆਂ ਬਿਹਤਰੀਨ ਕਹਾਣੀਆਂ ਨਾਲ ਕੀਤੀ ਜਾਂਦੀ ਹੈ। ‘ਜਲ ਦੇਵ’, ਆਸੋ ਦਾ ਟੱਬਰ’ ਅਤੇ ‘ਸ਼੍ਰੀ ਪਾਰਵਾ’ ਰੁਪਾਣਾ ਦੇ ਚਰਚਿਤ ਨਾਵਲ ਹਨ। ਉਸ ਦੇ ਕਹਾਣੀ ਸੰਗ੍ਰਹਿ ‘ਇਕ ਟੋਟਾ ਔਰਤ’, ‘ਆਪਣੀ ਅੱਖ ਦਾ ਜਾਦੂ’, ‘ਡਿਫੈਂਸ ਲਾਈਨ’, ‘ਸ਼ੀਸ਼ਾ’ ਤੇ ਹੋਰਨਾਂ ਵਿਚ ਪੰਜਾਬੀ ਦੀਆਂ ਯਾਦਗਾਰੀ ਕਹਾਣੀਆਂ ਸ਼ਾਮਲ ਹਨ। ਗੁਰਦੇਵ ਸਿੰਘ ਰੁਪਾਣਾ ਨੂੰ ਇਨਾਮ ਦੇਣ ਵਾਲੀ ਜਿਊਰੀ ਵਿਚ ਸ਼ਾਇਰ ਮੋਹਨਜੀਤ, ਕਹਾਣੀਕਾਰ ਤੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਆਲੋਚਕ ਡਾ. ਸਤਿੰਦਰ ਸਿੰਘ ਸ਼ਾਮਲ ਸਨ।
ਦੀਪਕ ਧਲੇਵਾਂ ਨੂੰ ਯੁਵਾ ਤੇ ਕਰਨੈਲ ਸੋਮਲ ਨੂੰ ਬਾਲ ਸਾਹਿਤ ਪੁਰਸਕਾਰ
ਸਾਹਿਤ ਅਕਾਦਮੀ ਨੇ ਅੱਜ ਬਾਲ ਸਾਹਿਤ ਤੇ ਯੁਵਾ ਪੁਰਸਕਾਰ ਜੇਤੂਆਂ ਦਾ ਐਲਾਨ ਵੀ ਕੀਤਾ ਹੈ। ਸੰਨ 2020 ਲਈ ਇਹ ਸਨਮਾਨ 18 ਜਣਿਆਂ ਨੂੰ ਦਿੱਤਾ ਜਾਵੇਗਾ। ਪੰਜਾਬੀ ਦੇ ਨੌਜਵਾਨ ਕਵੀ ਤੇ ਆਲੋਚਕ ਦੀਪਕ ਕੁਮਾਰ ਧਲੇਵਾਂ ਨੂੰ ਯੁਵਾ ਪੁਰਸਕਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਰਨੈਲ ਸਿੰਘ ਸੋਮਲ ਨੂੰ ਬਾਲ ਸਾਹਿਤ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਅੰਗਰੇਜ਼ੀ ਭਾਸ਼ਾ ਲਈ ਯੁਵਾ ਪੁਰਸਕਾਰ ਯਸ਼ਿਕਾ ਦੱਤ ਤੇ ਹਿੰਦੀ ਲਈ ਅੰਕਿਤ ਨਰਵਾਲ ਨੂੰ ਦਿੱਤਾ ਗਿਆ ਹੈ। ਸਾਕਬਿ ਫਰੀਦੀ ਨੂੰ ਉਰਦੂ ਲਈ ਯੁਵਾ ਪੁਰਸਕਾਰ ਦਿੱਤਾ ਗਿਆ ਹੈ। ਹਿੰਦੀ ਲਈ ਬਾਲਸਵਰੂਪ ਰਾਹੀ ਨੂੰ ਬਾਲ ਸਾਹਿਤ ਪੁਰਸਕਾਰ ਦਿੱਤਾ ਗਿਆ ਹੈ।