ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਅਗਸਤ
ਮੋਗਾ ਜ਼ਿਲ੍ਹੇ ਦੇ ਸਕੱਤਰੇਤ ਦੀ ਇਮਾਰਤ ’ਤੇ ਖਾਲਿਸਤਾਨੀ ਝੰਡਾ ਲਹਿਰਾਏ ਜਾਣ ਤੋਂ ਬਾਅਦ ਜ਼ਿਲ੍ਹੇ ਦੇ ਪਿੰਡ ਮਾਣੂੰਕੇ, ਨਿਹਾਲ ਸਿੰਘ ਵਾਲਾ, ਪਿੰਡ ਢੁੱਡੀਕੇ ਅਤੇ ਗਿੱਦੜਬਾਹਾ ਦੇ ਪਿੰਡ ਹੁਸਨਰ ਅਤੇ ਬਾਬਾ ਬਕਾਲਾ ’ਚ ਵੀ ਕੇਸਰੀ ਝੰਡੇ ਲਹਿਰਾਏ ਜਾਣ ਦੀਆਂ ਘਟਨਾਵਾਂ ਵਾਪਰੀਆਂ ਹਨ। ਪੁਲੀਸ ਨੇ ਕਾਰਵਾਈ ਕਰਦਿਆਂ ਝੰਡੇ ਕਬਜ਼ੇ ਹੇਠ ਲੈ ਲਏ ਹਨ। ਦੂਜੇ ਪਾਸੇ ਮੋਗਾ ਜ਼ਿਲ੍ਹੇ ਦੀ ਸਕੱਤਰੇਤ ’ਚ ਖਾਲਿਸਤਾਨੀ ਝੰਡਾ ਲਹਿਰਾਏ ਜਾਣ ਦੇ ਮਾਮਲੇ ’ਚ ਸੰਤਰੀ ਵਜੋਂ ਤਾਇਨਾਤ ਤਿੰਨੋਂ ਥਾਣੇਦਾਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ’ਤੇ ਖ਼ਾਲਿਸਤਾਨੀ ਝੰਡਾ ਝੁਲਾਏ ਜਾਣ ਤੇ ਤਿਰੰਗੇ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਸੰਤਰੀ ਵਜੋਂ ਤਾਇਨਾਤ ਤਿੰਨੋਂ ਥਾਣੇਦਾਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਏਐੱਸਆਈ ਦੀ ਅਗਵਾਈ ਹੇਠ ਕੁਇੱਕ ਰਿਐਕਸ਼ਨ ਟੀਮ (ਕਿਊਆਰਟੀ) ਦੇ 4 ਸਿਪਾਹੀ ਤਾਇਨਾਤ ਕੀਤੇ ਹਨ। ਜ਼ਿਲ੍ਹੇ ’ਚ ਹੋਰ ਕਈ ਥਾਵਾਂ ’ਤੇ ਵੀ ਕੇਸਰੀ ਝੰਡੇ ਝੁਲਾਏ ਜਾਣ ਤੋਂ ਬਾਅਦ ਪੁਲੀਸ ਝੰਡੇ ਉਤਾਰ ਕੇ ਕਬਜ਼ੇ ’ਚ ਲੈ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਨਿਹਾਲ ਸਿੰਘ ਵਾਲਾ ਬੱਸ ਅੱਡੇ ’ਤੇ ਵੱਡੀਆਂ ਲਾਈਟਾਂ ਤੋਂ ਇਲਾਵਾ ਇਸ ਕਸਬੇ ਨੇੜਲੇ ਪਿੰਡ ਮਾਣੂੰਕੇ ਦੇ ਬੱਸ ਅੱਡੇ ਤੇ ਥਾਣਾ ਸਦਰ ਅਧੀਨ ਪਿੰਡ ਡਗਰੂ ਕੋਲੋਂ ਲੰਘਦੇ ਫ਼ਲਾਈਓਵਰ ’ਤੇ ਖੰਡੇ ਵਾਲੇ ਕੇਸਰੀ ਝੰਡੇ ਝੁਲਾਉਣ ਦਾ ਪਤਾ ਲੱਗਣ ਉੱਤੇ ਪੁਲੀਸ ਨੇ ਝੰਡੇ ਉਤਾਰ ਕੇ ਕਬਜ਼ੇ ’ਚ ਲੈ ਲਏ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਕੇਸਰੀ ਝੰਡਿਆਂ ’ਤੇ ਸਿਰਫ਼ ਖੰਡਾਂ ਹੀ ਛਪਿਆ ਹੋਇਆ ਸੀ। ਇੱਥੇ ਸਕੱਤਰੇਤ ’ਚ ਖਾਲਿਸਤਾਨੀ ਝੰਡਾ ਝੁਲਾਉਣ ਮਗਰੋਂ ਡੀਸੀ ਗੇਟ ਗਾਰਦ ਇੰਚਾਰਜ ਧਲਵਿੰਦਰ ਸਿੰਘ, ਨਿਰਮਲ ਸਿੰਘ, ਮੱਖਣ ਸਿੰਘ (ਤਿੰਨੋਂ ਏਐੱਸਆਈ) ਦੀ ਬਦਲੀ ਕਰਕੇ ਪ੍ਰਿਤਪਾਲ ਸਿੰਘ ਏਐੱਸਆਈ ਦੀ ਅਗਵਾਈ ਹੇਠ ਚਾਰ ਸਿਪਾਹੀਆਂ ਦੇ ਆਧਾਰਿਤ ਕੁਇੱਕ ਰਿਐਕਸ਼ਨ ਟੀਮ ਨੂੰ ਸੁਰੱਖਿਆ ਕਮਾਂਡ ਸੌਂਪੀ ਗਈ ਹੈ। ਇਸੇ ਦੌਰਾਨ ਇਤਿਹਾਸਕ ਪਿੰਡ ਢੁੱਡੀਕੇ ’ਚ ਇੱਕ ਧਾਰਮਿਕ ਸਥਾਨ ਅੰਦਰ ਵੀ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਹੈ। ਇਸੇ ਹੀ ਧਾਰਮਿਕ ਸਥਾਨ ਅੰਦਰ ਇੱਕ ਟਰੱਸਟ ਵੱਲੋਂ 15 ਅਗਸਤ ਨੂੰ ਕੌਮੀ ਤਿਰੰਗਾ ਝੰਡਾ ਝੁਲਾਉਣ ਤੋਂ ਵੀ ਤਣਾਅ ਬਣਿਆ ਹੋਇਆ ਹੈ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਪਿੰਡ ’ਚ ਧੜੇਬੰਦੀ ਕਾਰਨ ਇਹ ਘਟਨਾ ਵਾਪਰੀ ਹੈ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਗਿੱਦੜਬਾਹਾ ਦੇ ਪਿੰਡ ਹੁਸਨਰ ਦੀ ਵਿਵਾਦਤ ਜ਼ਮੀਨ ’ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਹੁਸਨਰ ’ਚ ਜਨਰਲ ਤੇ ਐੱਸਸੀ ਭਾਈਚਾਰੇ ਵਿੱਚ ਹੱਡਾਰੋੜੀ ਨੂੰ ਲੈ ਕੇ ਝਗੜਾ ਚੱਲਦਾ ਰਿਹਾ ਹੈ ਤੇ ਇਸ ਸਬੰਧੀ ਥਾਣਾ ਗਿੱਦੜਬਾਹਾ ’ਚ ਕੇਸ ਵੀ ਦਰਜ ਹੈ। ਆਜ਼ਾਦੀ ਦਿਵਸ ਮੌਕੇ ਬਦਅਮਨੀ ਫੈਲਾਉਣ ਦੇ ਮਕਸਦ ਨਾਲ ਇੱਕ ਪੀਲਾ ਝੰਡਾ ਜਿਸ ’ਤੇ ਸਕੈਚ ਨਾਲ ਖਾਲਿਸਤਾਨ ਲਿਖਿਆ ਹੈ, ਉਕਤ ਜਗ੍ਹਾ ’ਤੇ ਲਗਾ ਦਿੱਤਾ ਗਿਆ। ਪੁਲੀਸ ਨੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਡੀਐੱਸਪੀ ਗਿੱਦੜਬਾਹਾ ਗੁਰਤੇਜ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖ਼ਰਾਬ ਕਰਨ ਤੇ ਪਿੰਡ ਦੀ ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੁਲੀਸ ਇਹ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦੇਵੇਗੀ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਸਿੰਘ ਰੌਂਤਾ): ਪਿੰਡ ਮਾਣੂੰਕੇ ਦੇ ਪੰਚਾਇਤ ਘਰ ਦੀ ਇਮਾਰਤ ’ਤੇ ਕੇਸਰੀ ਝੰਡਾ ਲਹਿਰਾਏ ਜਾਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਪਲਵਿੰਦਰ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਤੇ ਪੰਚਾਇਤ ਦੀ ਮੌਜੂਦਗੀ ਵਿੱਚ ਝੰਡਾ ਲੁਹਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਝੰਡਾ ਰਾਤ ਸਮੇਂ ਲਹਿਰਾਇਆ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਇਹ ਖਾਲਿਸਤਾਨੀ ਝੰਡਾ ਨਹੀਂ ਕੇਸਰੀ ਝੰਡਾ ਸੀ ਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਈਆ (ਦਵਿੰਦਰ ਸਿੰਘ ਭੰਗੂ): ਬਾਬਾ ਬਕਾਲਾ ਦੇ ਤਹਿਸੀਲ ਕੰਪਲੈਕਸ ਵਿੱਚ ਅੱਜ ਕੁਝ ਗੈਰ ਸਮਾਜੀ ਤੱਤਾਂ ਨੇ ਇਕ ਵਸੀਕਾ ਨਵੀਸ ਦੀ ਦੁਕਾਨ ’ਤੇ ਕੇਸਰੀ ਝੰਡਾ ਲਹਿਰਾ ਦਿੱਤਾ। ਵਸੀਕਾ ਨਵੀਸ ਬਰਕਤ ਵੋਹਰਾ ਨੇ ਦੱਸਿਆ ਕਿ ਉਸ ਨੇ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਤੇ ਪੁਲੀਸ ਨੇ ਝੰਡਾ ਜਲਦਬਾਜ਼ੀ ਵਿੱਚ ਉਤਾਰ ਦਿੱਤਾ ਤੇ ਅੱਧਾ ਝੰਡਾ ਉਸੇ ਤਰ੍ਹਾਂ ਹੀ ਦੁਕਾਨ ’ਤੇ ਲਟਕਦਾ ਰਿਹਾ। ਡੀਐੱਸਪੀ ਬਾਬਾ ਬਕਾਲਾ ਹਰਕਿਸ਼ਨ ਸਿੰਘ ਨੇ ਇਸ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ।
ਅਜੀਤਵਾਲ (ਗੁਰਪ੍ਰੀਤ ਦੌਧਰ): ਸ਼ਰਾਰਤੀ ਅਨਸਰਾਂ ਨੇ ਅੱਜ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਨੇੜੇ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ। ਸੂਚਨਾ ਮਿਲਣ ’ਤੇ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਡੇਰੇ ਤੇ ਨੇੜੇ-ਤੇੜੇ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਿਸ ਵਿੱਚ ਚਾਰ ਸ਼ੱਕੀ ਵਿਅਕਤੀ ਨਜ਼ਰ ਆਏ। ਡੀਐੱਸਪੀ ਸਪੈਸ਼ਲ ਬਰਾਂਚ ਰਮਨਦੀਪ ਸਿੰਘ ਭੁੱਲਰ ਨੇ ਪੁਲੀਸ ਮੁਲਾਜ਼ਮਾਂ ਨੂੰ ਝਾੜ ਵੀ ਪਾਈ। ਪੁਲੀਸ ਵੱਲੋਂ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ’ਤੇ ਲੱਗੇ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ।
ਬਠਿੰਡਾ ਦੀਆਂ ਸੜਕਾਂ ’ਤੇ ਗੂੰਜੇ ਖਾਲਿਸਤਾਨ ਪੱਖੀ ਨਾਅਰੇ
ਬਠਿੰਡਾ (ਸ਼ਗਨ ਕਟਾਰੀਆ): ਆਜ਼ਾਦੀ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਦਲ ਖਾਲਸਾ ਦੇ ਕਾਰਕੁਨਾਂ ਨੇ ਕੇਸਰੀ ਝੰਡੇ ਤੇ ਕਾਲੀਆਂ ਝੰਡੀਆਂ ਚੁੱਕ ਕੇ ਬਾਜ਼ਾਰਾਂ ’ਚ ਖਾਲਿਸਤਾਨ ਪੱਖੀ ਨਾਅਰੇ ਲਾਉਂਦਿਆਂ ਰੋਸ ਮਾਰਚ ਕੀਤਾ। ਇੱਥੋਂ ਦੇ ਗੁਰਦੁਆਰਾ ਸਿੰਘ ਸਭਾ ਤੋਂ ਚੱਲੇ ਕਾਫ਼ਲੇ ਨੇ ਫ਼ਾਇਰ ਬ੍ਰਿਗੇਡ ਚੌਕ ’ਚ ਪੁੱਜਣਾ ਸੀ ਪਰ ਰਸਤੇ ’ਚ ਪੁਲੀਸ ਨੇ ਰੋਕਾਂ ਲਾਈਆਂ ਹੋਈਆਂ ਸਨ। ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਅਤੇ ਦਲ ਖਾਲਸਾ ਦੇ ਆਗੂ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ 14 ਤੇ 15 ਅਗਸਤ ਪਾਕਿਸਤਾਨ ਤੇ ਭਾਰਤ ਦੇ ਹਾਕਮਾਂ ਲਈ ਆਜ਼ਾਦੀ ਦਿਹਾੜਾ ਹੋ ਸਕਦਾ ਹੈ ਪਰ ਦੇਸ਼ ਵੰਡ ਸਮੇਂ ਸ਼ਹੀਦ ਹੋਏ 10 ਲੱਖਾਂ ਲੋਕਾਂ ਕਾਰਨ ਇਹ ਉਨ੍ਹਾਂ ਲਈ ਸੰਤਾਪ ਵਾਲਾ ਦਿਹਾੜਾ ਹੈ। ਉਨ੍ਹਾਂ ਭਾਰਤ ਸਰਕਾਰ ’ਤੇ ਸਿੱਖ ਭਾਈਚਾਰੇ ਨਾਲ ਧੱਕੇਸ਼ਾਹੀ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਹੱਕ ਦੀ ਪ੍ਰਾਪਤੀ ਤੱਕ ਉਹ ਸੰਘਰਸ਼ ਕਰਦੇ ਰਹਿਣਗੇ।