ਸੰਜੀਵ ਤੇਜਪਾਲ
ਮੋਰਿੰਡਾ, 24 ਦਸੰਬਰ
ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਫਰ-ਏ-ਸ਼ਹਾਦਤ ਕਾਫਲੇ ਦਾ ਤੀਜਾ ਪੜਾਅ ਬੀਤੀ ਸ਼ਾਮ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਪਹੁੰਚਿਆ। ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਨਿਗਰਾਨੀ ਹੇਠ ਹੋ ਰਹੇ ਚਾਰ ਰੋਜ਼ਾ ਸਫ਼ਰ-ਏ-ਸ਼ਹਾਦਤ ਧਾਰਮਿਕ ਸਮਾਗਮ ਬੜੀ ਸ਼ਰਧਾ ਨਾਲ ਮਨਾਏ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਨੇ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਹਾਜ਼ਰੀ ਭਰੀ। ਇਸ ਮੌਕੇ ਰਾਗੀ ਜਥੇ ਭਾਈ ਜਬਰਤੋੜ ਸਿੰਘ, ਭਾਈ ਸਤਨਾਮ ਸਿੰਘ ਕੋਹੜਕਾ, ਭਾਈ ਦਵਿੰਦਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਸਿਮਰਪ੍ਰੀਤ ਸਿੰਘ, ਭਾਈ ਭੁਪਿੰਦਰ ਸਿੰਘ ਲੁਧਿਆਣੇ ਵਾਲੇ, ਬੀਬੀ ਜਸਕੀਰਤ ਕੌਰ ਤੇ ਜਸਸੀਰਤ ਕੌਰ ਬਾਬਾ ਨੰਦਲਾਲ ਅਕੈਡਮੀ ਘੜੂੰਆਂ ਦੇ ਜਥਿਆਂ ਨੇ ਕਥਾ-ਕੀਰਤਨ ਕੀਤਾ ਤੇ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰ ਅਤੇ ਸਿੰਘਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਬਾਰੇ ਜਾਣੂੰ ਕਰਵਾਇਆ।
ਕੁਰਾਲੀ (ਮਿਹਰ ਸਿੰਘ): ਸ੍ਰੀ ਫਤਿਹਗੜ੍ਹ ਸਾਹਿਬ ਦੇ ਸਲਾਨਾ ਸ਼ਹੀਦੀ ਜੋੜ ਮੇਲ ਦੇ ਮੌਕੇ ਲਗਾਏ ਜਾਣ ਵਾਲੇ ਲੰਗਰਾਂ ਲਈ ਅੱਜ ਸਥਾਨਕ ਇਲਾਕੇ ਦੀ ਸੰਗਤ ਵੱਲੋਂ ਰਸਦ ਦੇ ਚਾਰ ਟਰੱਕ ਤੇ ਟਰਾਲੀਆਂ ਰਵਾਨਾ ਕੀਤੇ ਗਏ। ਗੁਰਦੁਆਰਾ ਹਰਗੋਬਿੰਦਗੜ੍ਹ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭੇਜੇ ਗਏ ਰਸਦ ਦੇ ਟਰੱਕਾਂ ਸਬੰਧੀ ਪ੍ਰਧਾਨ ਪ੍ਰਿੰਸੀਪਲ ਸਵਰਨ ਸਿੰੰਘ ਨੇ ਦਸਿਆ ਕਿ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਵਾਂਗ ਸ਼ਹੀਦੀ ਜੋੜ ਮੇਲੇ ਮੌਕੇ ਤਿੰਨ ਦਿਨ ਲੰਗਰ ਚਲਾਇਆ ਜਾਵੇਗਾ।
ਕੈਂਪ ਦੌਰਾਨ 531 ਯੂਨਿਟ ਖੂਨ ਇਕੱਤਰ
ਚਮਕੌਰ ਸਾਹਿਬ (ਸੰਜੀਵ ਬੱਬੀ): ਸ਼ਹੀਦੀ ਜੋੜ ਮੇਲ ਦੌਰਾਨ ਤਿੰਨੋ ਦਿਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਵੱਲੋਂ ਲਾਇਨਜ਼ ਕਲੱਬ ਖਰੜ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਰਦਿਆਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖ਼ੂਨਦਾਨ ਕਰਨ ਦੀ ਅਪੀਲ ਕੀਤੀ। ਕੈਂਪ ਦੌਰਾਨ ਰੋਟਰੀ ਕਲੱਬ ਸੈਕਟਰ ਚੰਡੀਗੜ੍ਹ ਅਤੇ ਸਿਵਲ ਹਸਪਤਾਲ ਰੂਪਨਗਰ ਦੇ ਬਲੱਡ ਬੈਂਕ ਤੋਂ ਆਈਆਂ ਟੀਮਾਂ ਵੱਲੋਂ ਤਿੰਨੋ ਦਿਨ 531 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।
ਈ-ਰਿਕਸ਼ਾ ਸੇਵਾ ਸ਼ੁਰੂ
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸ਼ਹੀਦੀ ਸਭਾ ਮੌਕੇ ਆਉਣ ਵਾਲੀ ਸੰਗਤ ਵਿਚ ਸ਼ਾਮਲ ਬਜ਼ੁਰਗਾਂ, ਮਹਿਲਾਵਾਂ, ਬੱਚਿਆਂ ਅਤੇ ਦਿਵਿਆਂਗਾਂ ਨੂੰ ਆਵਾਜਾਈ ਦੀ ਮੁਫ਼ਤ ਸਹੂਲਤ ਦੇਣ ਲਈ ਪੰਜਾਬ ਸਰਕਾਰ ਵੱਲੋਂ 30 ਈ-ਰਿਕਸ਼ੇ ਮੁਹੱਈਆ ਕਰਵਾਏ ਗਏ ਹਨ, ਜਿਨ੍ਹਾਂ ਦੀ ਸ਼ੁਰੂਆਤ ਏਡੀਸੀ ਅਨੁਪ੍ਰਿਤਾ ਜੌਹਲ ਨੇ ਹਰੀ ਝੰਡੀ ਦਿਖਾ ਕੇ ਕੀਤੀ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ ਵੀ ਹਾਜ਼ਰ ਸਨ। ਏਡੀਸੀ ਨੇ ਕਿਹਾ ਕਿ ਇਹ ਈ-ਰਿਕਸ਼ੇ ਸ਼ਹੀਦੀ ਸਭਾ ਦੌਰਾਨ ਸੰਗਤ ਲਈ ਲਾਹੇਵੰਦ ਸਾਬਤ ਹੋਣਗੇ।