ਜਸਵੰਤ ਜੱਸ
ਫ਼ਰੀਦਕੋਟ, 2 ਅਪਰੈਲ
ਪਿਛਲੇ ਕੁਝ ਦਿਨਾਂ ਤੋਂ ਸਾਦਿਕ ਟਰੱਕ ਯੂਨੀਅਨ ਦੀ ਚੋਣ ਕਾਰਨ ਪੈਦਾ ਹੋਇਆ ਵਿਵਾਦ ਵਿਧਾਇਕ ਦੇ ਦਖ਼ਲ ਮਗਰੋਂ ਖ਼ਤਮ ਹੋ ਗਿਆ ਹੈ ਅਤੇ ਸਰਬਸੰਮਤੀ ਨਾਲ ਸੁਖਰਾਜ ਸਿੰਘ ਰਾਜਾ ਬੁੱਟਰ ਨੂੰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਦੇ ਨਾਲ ਹੀ 12 ਮੈਂਬਰੀ ਕਮੇਟੀ ਵੀ ਕਾਇਮ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸੁਖਰਾਜ ਸਿੰਘ ਰਾਜਾ ਨੂੰ ਕੁਝ ਦਿਨ ਪਹਿਲਾਂ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਸੀ ਪਰ ‘ਆਪ’ ਦੇ ਸਥਾਨਕ ਆਗੂ ਨੇ ਇਸ ਚੋਣ ਦਾ ਵਿਰੋਧ ਕਰਦਿਆਂ ਜਸਵਿੰਦਰ ਸਿੰਘ ਨੂੰ ਪ੍ਰਧਾਨ ਐਲਾਨ ਦਿੱਤਾ ਸੀ।
ਇਸ ਵਿਵਾਦ ਨੂੰ ਖ਼ਤਮ ਕਰਨ ਲਈ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਮੀਟਿੰਗ ਦੌਰਾਨ ਸਪੱਸ਼ਟ ਕੀਤਾ ਕਿ ਉਹੀ ਵਿਅਕਤੀ ਯੂਨੀਅਨ ਦਾ ਪ੍ਰਧਾਨ ਬਣੇਗਾ, ਜਿਸ ਕੋਲ ਬਹੁਮਤ ਹੋਵੇਗਾ ਅਤੇ ਬਾਹਰੋਂ ਕੋਈ ਵੀ ਵਿਅਕਤੀ ਯੂਨੀਅਨ ਦੀ ਚੋਣ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰੇਗਾ। ‘ਆਪ’ ਦੀ ਜ਼ਿਲ੍ਹਾ ਆਗੂ ਬੇਅੰਤ ਕੌਰ ਸੇਖੋਂ ਨੇ ਸਾਦਿਕ ਵਿੱਚ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ‘ਆਪ’ ਦੇ ਸਾਰੇ ਧੜੇ ਸ਼ਾਮਲ ਹੋਏ। ਯੂਨੀਅਨ ਦੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਸੁਖਰਾਜ ਸਿੰਘ ਰਾਜਾ ਨੂੰ ਪ੍ਰਧਾਨ ਚੁਣ ਲਿਆ। ਟਰੱਕ ਯੂਨੀਅਨ ਦੇ ਨਵੇਂ ਪ੍ਰਧਾਨ ਸੁਖਰਾਜ ਸਿੰਘ ਰਾਜਾ ਅਤੇ ਬੇਅੰਤ ਕੌਰ ਸੇਖੋਂ ਨੇ ਕਿਹਾ ਕਿ ਟਰੱਕ ਯੂਨੀਅਨ ਨਿਯਮਾਂ ਅਨੁਸਾਰ ਪਾਰਦਰਸ਼ੀ ਅਤੇ ਆਜ਼ਾਦ ਤਰੀਕੇ ਨਾਲ ਕੰਮ ਕਰੇਗੀ, ਕਿਉਂਕਿ ਯੂਨੀਅਨ ਵਿੱਚੋਂ ਮਾਫ਼ੀਆ ਰਾਜ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਖ਼ਰੀਦ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਖ਼ਰੀਦ ਏਜੰਸੀਆਂ ਨੂੰ ਅਨਾਜ ਦੀ ਢੋਆ-ਢੁਆਈ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ।