ਨਾਭਾ (ਜੈਸਮੀਨ ਭਾਰਦਵਾਜ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਰਸਮੀ ਕਾਗਜ਼ੀ ਕਾਰਵਾਈ ਮਗਰੋਂ ਧਰਮਸੋਤ ਨੂੰ ਭਲਕੇ ਜੇਲ੍ਹ ਤੋਂ ਰਿਹਾਅ ਕੀਤਾ ਜਾ ਸਕਦਾ ਹੈ। ਜੰਗਲਾਤ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਸਾਬਕਾ ਮੰਤਰੀ ਧਰਮਸੋਤ ਲਗਪਗ ਤਿੰਨ ਮਹੀਨੇ ਤੋਂ ਨਾਭਾ ਜੇਲ੍ਹ ’ਚ ਨਿਆਂਇਕ ਹਿਰਾਸਤ ਤਹਿਤ ਬੰਦ ਹਨ। ਪਿਛਲੇ ਮਹੀਨੇ ਮੁਹਾਲੀ ਅਦਾਲਤ ’ਚੋਂ ਜ਼ਮਾਨਤ ਅਰਜ਼ੀ ਰੱਦ ਹੋਣ ਪਿੱਛੋਂ ਉਨ੍ਹਾਂ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਹਾਈ ਕੋਰਟ ਅੱਜ ਪਟੀਸ਼ਨ ’ਤੇ ਫੈਸਲਾ ਸੁਣਾਉਂਦੇ ਹੋਏ ਜ਼ਮਾਨਤ ਮਨਜ਼ੂਰ ਕਰ ਲਈ। ਸਾਬਕਾ ਮੰਤਰੀ ਧਰਮਸੋਤ ਨੂੰ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈ ਕੇ ਜੰਗਲਾਂ ’ਚੋਂ ਰੁੱਖ ਕਟਵਾਉਣ ਦੇ ਦੋਸ਼ ਹੇਠ ਮਈ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ।