ਇਕਬਾਲ ਸਿੰਘ ਸ਼ਾਂਤ
ਲੰਬੀ, 20 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਉਮਰ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਬਾਦਲ ਦੇ ਚੋਣ ਬੂਥ ਨੰਬਰ 125 ’ਤੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਹਰਕੀਰਤ ਕੌਰ ਵੀ ਵੋਟ ਪਾਉਣ ਪੁੱਜੇ ਸਨ। ਇਸ ਤੋਂ ਪਹਿਲਾਂ ਇਸੇ ਬੂਥ ’ਤੇ ਬਠਿੰਡਾ ਤੋਂ ਚੋਣ ਲੜ ਰਹੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਵੋਟ ਪਾਈ। ਵੱਡੇ ਸਿਆਸਤਦਾਨਾਂ ’ਤੇ ਆਧਾਰਤ ਬੂਥ ਹੋਣ ਕਰਕੇ ਬਾਦਲ ਪਰਿਵਾਰ ਦੇ ਮੈਂਬਰਾਂ ਦੇ ਵੋਟ ਪਾਉਣ ਤੱਕ ਇੱਥੇ ਮੀਡੀਆ ਕਰਮੀਆਂ ਦੀ ਗਹਿਮਾ-ਗਹਿਮੀ ਰਹੀ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਵੀ ਆਪਣੇ ਜੱਦੀ ਪਿੰਡ ਖੁੱਡੀਆਂ ਵਿੱਚ ਵੋਟ ਪਾਉਣ ਮਗਰੋਂ ਬਾਦਲ ਪਿੰਡ ਦੇ ਇਸੇ ਬੂਥ ’ਤੇ ਮੀਡੀਆ ਕੋਲ ਹਾਜ਼ਰੀ ਲਗਵਾਉਣ ਪੁੱਜੇ, ਜਦੋਂਕਿ ਕਾਂਗਰਸ ਉਮੀਦਵਾਰ ਜਗਪਾਲ ਸਿੰਘ ਅਬੁਲਖੁਰਾਣਾ ਮਲੋਟ ਹਲਕੇ ਦੇ ਪਿੰਡ ਅਬੁਲਖੁਰਾਣਾ ਵਿੱਚ ਹੋਣ ਕਰਕੇ ਖੁਦ ਨੂੰ ਵੋਟ ਨਹੀਂ ਪਾ ਸਕੇ।
ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਆਖਰੀ ਸਾਹ ਤੱਕ ਲੰਬੀ ਅਤੇ ਪੰਜਾਬ ਦੀ ਸੇਵਾ ਕਰਨਗੇ। ਉਨ੍ਹਾਂ ਦੁੱਖ ਜ਼ਾਹਰ ਕੀਤਾ ਕਿ ਇਸ ਵਾਰ ਚੋਣਾਂ ਵਿੱਚ ਦਲ-ਬਦਲੂਆਂ ਦਾ ਬੋਲਬਾਲਾ ਹੈ, ਜਦਕਿ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ-ਬਸਪਾ ਗੱਠਜੋੜ ਬਹੁਮਤ ਨਾਲ ਪੰਜਾਬ ਵਿੱਚ ਸਰਕਾਰ ਬਣਾਏਗਾ। ਅਕਾਲੀ ਦਲ ਨੇ ਪੰਜਾਬ ਦੇ ਵਿਕਾਸ ਅਤੇ ਉਸ ਦੇ ਹਰ ਮਸਲੇ ਪ੍ਰਤੀ ਵੱਡਾ ਯੋਗਦਾਨ ਪਾਇਆ ਹੈ, ਦੂਜੇ ਪਾਸੇ ‘ਆਪ’ ਦਾ ਪੰਜਾਬ ਲਈ ਕੋਈ ਯੋਗਦਾਨ ਨਹੀਂ ਹੈ, ਸਗੋਂ ਉਹ ਤਾਂ ਪੰਜਾਬ ਦੇ ਪਾਣੀਆਂ ਨੂੰ ਦਿੱਲੀ ਲਿਜਾਉਣਾ ਚਾਹੁੰਦੀ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਦਾ ਨੁਕਸਾਨ ਕੀਤਾ ਹੈ, ਮੁੱਖ ਮੰਤਰੀ ਚੰਨੀ ਸਿਆਸੀ ਸਟੰਟ ਕਰ ਰਿਹਾ ਹੈ, ਉਸ ਦੀਆਂ ਗੱਲਾਂ ਵਿੱਚ ਕੋਈ ਵਜ਼ਨ ਨਹੀਂ। ਭਾਜਪਾ ਨਾਲੋਂ ਨਹੁੰ-ਮਾਸ ਦਾ ਰਿਸ਼ਤਾ ਤੋੜਨ ਬਾਰੇ ਇੱਕ ਸੁਆਲ ਦੇ ਜਵਾਬ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ਨਿੱਜੀ ਰਿਸ਼ਤੇ ਅਤੇ ਅਸੂਲ ਵੱਖ-ਵੱਖ ਹੁੰਦੇ ਹਨ। ਖੇਤੀ ਕਾਨੂੰਨਾਂ ’ਤੇ ਭਾਜਪਾ ਦੇ ਗਲਤ ਫ਼ੈਸਲੇ ਕਾਰਨ ਪੰਜਾਬ ਦੇ ਵੱਡੇ ਨੁਕਸਾਨ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਸੀ।
ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਬਦਲਾਅ ਦੀ ਰਾਹ ’ਤੇ ਚੱਲ ਰਿਹਾ ਹੈ। ਉਹ ਲੰਬੀ ਹਲਕੇ ’ਚ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਨਵਾਂ ਇਤਿਹਾਸ ਰਚਣਗੇ।
ਇਸ ਮੌਕੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁੱਲਖੁਰਾਣਾ ਨੇ ਗੱਲਬਾਤ ਦੌਰਾਨ ਦਾਅਵਾ ਕੀਤਾ ਕੀਤਾ ਕਿ ਚੰਨੀ ਫੈਕਟਰ ਕਾਰਨ ਲੰਬੀ ਹਲਕੇ ’ਚ ਵੱਡੀ ਗਿਣਤੀ ਵਿੱਚ ਐੱਸਸੀ ਭਾਈਚਾਰਾ ਕਾਂਗਰਸ ਦੇ ਹੱਕ ’ਚ ਭੁਗਤਿਆ ਅਤੇ ਉੁਨ੍ਹਾਂ ਦੀ ਜਿੱਤ ਯਕੀਨੀ ਹੈ।
ਸੁਖਬੀਰ ਤੇ ਹਰਸਿਮਰਤ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੋਟ ਪਾਉਣ ਮਗਰੋਂ ਆਖਿਆ ਕਿ ਕਾਂਗਰਸ ਸਰਕਾਰ ਨੇ ਪੰਜ ਸਾਲਾਂ ਦੇ ਰਾਜ ਵਿੱਚ ਪੰਜਾਬ ਦਾ ਦੁਰਦਸ਼ਾ ਕਰ ਦਿੱਤੀ। ਇਹ ਇਕਪਾਸੜ ਚੋਣ ਹੈ, ਜਿਸ ਅਕਾਲੀ-ਬਸਪਾ ਗੱਠਜੋੜ ਭਰਵੇਂ ਬਹੁਮਤ ਨਾਲ ਸੱਤਾ ਵਿੱਚ ਆਵੇਗਾ। ਇਸੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਜਿਸ ਨੂੰ ਇੱਕ ਸਥਿਰ ਸਰਕਾਰ ਦੀ ਲੋੜ ਹੈ, ਜੋ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਹੀਂ ਦੇ ਸਕਦੀਆਂ। ਸ੍ਰੀਮਤੀ ਬਾਦਲ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਪੰਜਾਬ ਵਿੱਚ ਸਰਕਾਰ ਬਣਾਉਣ ਜਾ ਰਿਹਾ ਹੈ।