ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 17 ਨਵੰਬਰ
ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ ਫੇਜ਼-3ਬੀ1 ਵਿੱਚ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਰਿਜ ਪੈਲੇਸ ਨੁਮਾ ਅਤਿ-ਆਧੁਨਿਕ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਗੱਠਜੋੜ ਕੱਚੇ ਵਿਆਹ ਵਰਗ ਹੈ ਜੋ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਉਨ੍ਹਾਂ ਨੇ ਦੋਵੇਂ ਭਾਈਵਾਲ ਪਾਰਟੀਆਂ ਨੂੰ ਮੌਕਾਪ੍ਰਸਤ ਦੱਸਦਿਆਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਨੇ ਹਮੇਸ਼ਾ ਹੀ ਵੋਟਾਂ ਦੀ ਖ਼ਾਤਰ ਗ਼ਰੀਬ ਵਰਗ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਹੈ ਜਦੋਂਕਿ ਕਾਂਗਰਸ ਸੱਚਮੁੱਚ ਗ਼ਰੀਬਾਂ ਦੀ ਹਮਦਰਦ ਪਾਰਟੀ ਹੈ।
ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਸਬੰਧੀ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਮਹੱਤਵਪੂਰਨ ਕਾਰਜ ਵਿੱਚ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਹੁਤ ਵੱਡਾ ਯੋਗਦਾਨ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਨੇ ਆਪਣੇ ਖੇਤਰ ਵਿੱਚ ਕੰਮ ਨਹੀਂ ਕੀਤੇ ਹੋਣਗੇ, ਉਨ੍ਹਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ।