ਪੱਤਰ ਪ੍ਰੇਰਕ
ਰਾਜਪੁਰਾ, 31 ਅਗਸਤ
ਅੰਮ੍ਰਿਤਸਰ ਤੋਂ ਤਖਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਨੂੰ ਚੱਲਣ ਵਾਲੀ ਸੱਚਖੰਡ ਐਕਸਪ੍ਰੈਸ ਰੇਲ ਗੱਡੀ 2 ਸਤੰਬਰ ਤੋਂ ਵਾਇਆ ਚੰਡੀਗੜ੍ਹ- ਲੁਧਿਆਣਾ ਦੀ ਥਾਂ ਬਰਾਸਤਾ ਅੰਬਾਲਾ-ਰਾਜਪੁਰਾ-ਸਰਹਿੰਦ ਅਤੇ ਲੁਧਿਆਣਾ ਤੋਂ ਚੱਲਿਆ ਕਰੇਗੀ। ਇਸ ਸਬੰਧੀ ਦੱਖਣ ਸੈਂਟਰਲ ਰੇਲਵੇ ਦੇ ਚੀਫ ਪਬਲਿਕ ਰਿਲੇਸ਼ਨ ਅਫਸਰ ਚੌਧਰੀ ਰਾਕੇਸ਼ ਵੱਲੋਂ 2 ਸਤੰਬਰ ਤੋਂ ਚੱਲਣ ਵਾਲੀਆਂ ਰੇਲਗੱਡੀਆਂ ਦੀ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਰੇਲਵੇ ਦੇ ਇਸ ਫੈਸਲੇ ਦਾ ਸੂਬਾਈ ਕਿਸਾਨ ਆਗੂ ਜਥੇਦਾਰ ਸੁਖਜੀਤ ਸਿੰਘ ਬਘੌਰਾ, ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਗਿਆਨੀ ਭੁਪਿੰਦਰ ਸਿੰਘ ਗੋਲੂ, ਜਥੇਦਾਰ ਜਸਮੇਰ ਸਿੰਘ ਲਾਛੜੂ ਅਤੇ ਲਾਲ ਸਿੰਘ ਮਰਦਾਂਪੁਰ ਸਮੇਤ ਹੋਰ ਸੰਗਤ ਨੇ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਸੱਚਖੰਡ ਐਕਸਪ੍ਰੈਸ ਰੇਲ ਨੰਬਰ. 12715 ਅਤੇ 12716 ਦਾ ਕਰੋਨਾ ਕਾਲ ਦੌਰਾਨ ਰੂਟ ਵਿਭਾਗ ਵੱਲੋਂ ਵਾਇਆ ਚੰਡੀਗੜ੍ਹ ਕਰ ਦਿੱਤਾ ਗਿਆ ਸੀ। ਦੋ ਸਤੰਬਰ ਨੂੰ ਸੱਚਖੰਡ ਐਕਸਪ੍ਰੈਸ ਰੇਲ ਨੰ. 12715 ਹਜ਼ੂਰ ਸਾਹਿਬ ਨਾਂਦੇੜ ਤੋਂ ਸਵੇਰੇ 9.30 ਵਜੇ ਅੰਮ੍ਰਿਤਸਰ ਲਈ ਚੱਲੇਗੀ, ਜੋ 3 ਸਤੰਬਰ ਨੂੰ ਰਾਜਪੁਰਾ ਸਟੇਸ਼ਨ ’ਤੇ ਸਾਮੀ 5.09 ’ਤੇ ਪੁੱਜੇਗੀ। ਰੇਲ ਦੇ ਪਹੁੰਚਣ ’ਤੇ ਇਲਾਕੇ ਦੀ ਸੰਗਤ ਵੱਲੋਂ ਇਸ ਦਾ ਸਵਾਗਤ ਕੀਤਾ ਜਾਵੇਗਾ।