ਜੋਗਿੰਦਰ ਸਿੰਘ ਮਾਨ
ਮਾਨਸਾ, 30 ਅਗਸਤ
ਮਾਨਸਾ ਪੁਲੀਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਚਾਰਜਸ਼ੀਟ ’ਚ ਕਾਤਲ ਵਜੋਂ ਨਾਮਜ਼ਦ ਤੇ ਇਸ ਕਤਲ ਦੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਥਾਪਨ ਨੂੰ ਅਜ਼ਰਬਾਇਜਾਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਨੂੰ ਵਿਦੇਸ਼ ਤੋਂ ਲਿਆਉਣ ਲਈ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਹਨ। ਪੁਲੀਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਕੇ ਭਰਾ ਅਨਮੋਲ ਨੂੰ ਕੀਨੀਆ ਤੋਂ ਫੜਨ ਲਈ ਵੀ ਕੋਸ਼ਿਸ਼ਾਂ ਤੇਜ਼ ਕੀਤੀਆਂ ਗਈਆਂ ਹਨ।
ਐੱਸਐੱਸਪੀ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ 29 ਮਈ ਨੂੰ ਹੋਏ ਕਤਲ ਤੋਂ ਪਹਿਲਾਂ ਇਹ ਦੋਵੇਂ ਜਣੇ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਫਰਾਰ ਹੋ ਗਏ ਹਨ। ਇਸ ਦੀ ਸੂਚਨਾ ਸਾਹਮਣੇ ਆਉਣ ’ਤੇ ਵਿਦੇਸ਼ ਮੰਤਰਾਲੇ ਨੇ ਪੰਜਾਬ ਪੁਲੀਸ ਤੋਂ ਦੋਵਾਂ ਦੇ ਅਪਰਾਧਿਕ ਕੇਸਾਂ ਦੇ ਵੇਰਵੇ ਮੰਗੇ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਨਮੋਲ ਅਤੇ ਸਚਿਨ ਭਾਰਤ ਤੋਂ ਨੇਪਾਲ ਦੇ ਰਸਤੇ ਦੁਬਈ ਗਏ ਸਨ, ਉਥੋਂ ਸਚਿਨ ਅਜ਼ਰਬਾਇਜਾਨ ਚਲਾ ਗਿਆ। ਇਸ ਤੋਂ ਬਾਅਦ ਅਨਮੋਲ ਕੈਨੇਡਾ ਚਲਾ ਗਿਆ, ਪਰ ਸਚਿਨ ਨੂੰ ਫਰਜ਼ੀ ਪਾਸਪੋਰਟ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ। ਇਸ ਦੀ ਸੂਚਨਾ ਮਿਲਦਿਆਂ ਹੀ ਅਨਮੋਲ ਬਿਸ਼ਨੋਈ ਕੈਨੇਡਾ ਤੋਂ ਕੀਨੀਆ ਭੱਜ ਗਿਆ।ਮਾਨਸਾ ਪੁਲੀਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਚਿਨ ਥਾਪਨ ਤੇ ਅਨਮੋਲ, ਲਾਰੈਂਸ ਤੇ ਗੋਲਡੀ ਬਰਾੜ ਦੇ ਨਾਲ-ਨਾਲ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਵੀ ਹਨ।
ਫਰਜ਼ੀ ਨਾਂ ’ਤੇ ਬਣਵਾਏ ਗਏ ਪਾਸਪੋਰਟ
ਪੁਲੀਸ ਨੂੰ ਇਹ ਵੀ ਜਾਣਕਾਰੀ ਮਿਲੀ ਸੀ ਕਿ ਸਚਿਨ ਥਾਪਨ ਨੇ ਆਪਣਾ ਪਾਸਪੋਰਟ ਫਰਜ਼ੀ ਨਾਮ ਤਿਲਕ ਰਾਜ ਟੁਟੇਜਾ ਪੁੱਤਰ ਭੀਮ ਸੈਨ, ਮਕਾਨ ਨੰ. 330, ਬਲਾਕ ਐੱਫਸੀ ਸੰਗਮ ਵਿਹਾਰ (ਦਿੱਲੀ) ਦੇ ਪਤੇ ’ਤੇ ਬਣਵਾਇਆ, ਜਦਕਿ ਅਨਮੋਲ ਬਿਸ਼ਨੋਈ ਨੇ ਆਪਣਾ ਨਾਂ ਭਾਨੂੰ ਪ੍ਰਤਾਪ ਪੁੱਤਰ ਰਾਕੇਸ਼, ਫਲੈਟ ਨੰ. 107, ਟੀ-4, ਔਰਕ ਸਿਟੀ ਹੋਮਜ਼, ਸੈਕਟਰ-82, ਫਰੀਦਾਬਾਦ ਦੇ ਪਤੇ ’ਤੇ ਬਣਵਾਇਆ ਸੀ।