ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਨਵੰਬਰ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਤੋਂ ਬਾਅਦ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ.ਟੀ.ਯੂ.) ਦੇ ਡਿਪਟੀ ਰਜਿਸਟਰਾਰ ਡਾ. ਸੰਦੀਪ ਮਹਿਮੀ ਨੂੰ ਤਰੱਕੀ ਵਿੱਚ ਦੇਰੀ ਦੇ ਮਾਮਲੇ ਵਿੱਚ ਇਨਸਾਫ਼ ਦਿੱਤਾ ਗਿਆ ਹੈ। ਯੂਨੀਵਰਸਿਟੀ ਡਾ. ਮਹਿਮੀ ਨੂੰ ਚਾਰ ਸਾਲ ਪਹਿਲਾਂ ਦੀ ਬਣਦੀ ਮਿਤੀ ਤੋਂ ਤਰੱਕੀ ਦੇਣ ਸਣੇ ਵਿੱਤੀ ਲਾਭ ਵੀ ਦੇਵੇਗੀ। ਕਮਿਸ਼ਨ ਦੇ ਮੈਂਬਰ ਗਿਆਨ ਚੰਦ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਨੇ ਸ਼ਿਕਾਇਤ ਕੀਤੀ ਸੀ ਕਿ ਉਹ 28 ਮਈ, 2010 ਤੋਂ ਪੀ.ਟੀ.ਯੂ. ਵਿੱਚ ਸਹਾਇਕ ਰਜਿਸਟਰਾਰ ਕੰਮ ਕਰ ਰਿਹਾ ਹੈ। ਯੂਨੀਵਰਸਿਟੀ ਨਿਯਮਾਂ ਅਨੁਸਾਰ ਉਹ ਪੰਜ ਸਾਲ ਬਾਅਦ ਡਿਪਟੀ ਰਜਿਸਟਰਾਰ ਦੀ ਅਸਾਮੀ ’ਤੇ ਤਰੱਕੀ ਲਈ ਹਰ ਪੱਖੋਂ ਪੂਰੀਆਂ ਯੋਗਤਾਵਾਂ ਰੱਖਦਾ ਸੀ ਪਰ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਾਰਨ ਉਸ ਨੂੰ 9 ਸਾਲਾਂ ਬਾਅਦਤਰੱਕੀ ਦਿੱਤੀ ਗਈ, ਜਦਕਿ ਪਹਿਲਾਂ ਜਨਰਲ ਵਰਗ ਦੇ ਅਧਿਕਾਰੀਆਂ ਨੂੰ ਪੰਜ ਸਾਲ ਬਾਅਦ ਤਰੱਕੀ ਦਿੱਤੀ ਗਈ ਸੀ।