ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਗਸਤ
ਪੰਜਾਬੀ ਲੇਖਕ ਐੱਸ ਬਲਵੰਤ ਅਤੇ ਨਾਵਲਕਾਰ ਮੇਘ ਰਾਜ ਗੋਇਲ ਸਦੀਵੀ ਵਿਛੋੜਾ ਦੇ ਗਏ ਹਨ। ਸ੍ਰੀ ਬਲਵੰਤ ਨੇ ‘ਅੰਗਰੇਜ਼ੀ-ਪੰਜਾਬੀ (ਰੋਮਨ ਅਤੇ ਗੁਰਮੁਖੀ ਸਕਰਿਪਟ) ਡਿਕਸ਼ਨਰੀ 1999 ਵਿੱਚ ਜਸਬੀਰ ਅਟਵਾਲ ਨਾਲ ਮਿਲ ਕੇ ਤਿਆਰ ਕੀਤੀ ਸੀ। ਉਹ ਇੰਗਲੈਂਡ ਵਿੱਚ ਸੈਂਟਰ ਫ਼ਾਰ ਪੰਜਾਬ ਅਤੇ ਫ਼ੈਡਰੇਸ਼ਨ ਆਫ਼ ਇੰਡੀਅਨ ਪਬਲਿਸਰਜ਼ ਦੇ ਪ੍ਰਧਾਨ ਵੀ ਰਹੇ। ਨਾਵਲਕਾਰ ਮੇਘ ਰਾਜ ਗੋਇਲ ਨੇ ‘ਕੱਚੇ ਕੋਠੇ ਵਾਲੀ’, ‘ਕਰਤਾਰ’ ਅਤੇ ‘ਅਰਮਾਨ’ ਤਿੰਨ ਨਾਵਲ, ਦੋ ਕਾਵਿ ਸੰਗ੍ਰਹਿ ‘ਵਲਵਲੇ’ ਅਤੇ ‘ਦਿਲ ਦਾ ਦਰਪਣ’ ਅਤੇ ਕਹਾਣੀ ਸੰਗ੍ਰਹਿ ‘ਸੱਚ ਦਾ ਪਰਾਗਾ’ ਸਾਹਿਤ ਜਗਤ ਦੀ ਝੋਲੀ ਪਾਇਆ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਦੋਵਾਂ ਲੇਖਕਾਂ ਦੇ ਸਦੀਵੀ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।