ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਮਾਰਚ
ਰੂਸ ਅਤੇ ਯੂਕਰੇਨ ਵਿੱਚ ਪਿਛਲੇ ਹਫ਼ਤੇ ਤੋਂ ਚੱਲ ਰਹੇ ਯੁੱਧ ਨੇ ਜਿੱਥੇ ਪੂਰੀ ਦੁਨੀਆਂ ਨੂੰ ਚਿੰਤਾ ’ਚ ਪਾ ਰੱਖਿਆ ਹੈ, ਉੱਥੇ ਭਾਰਤ ਦੇ ਵਪਾਰੀ ਵੀ ਪ੍ਰੇਸ਼ਾਨੀ ’ਚ ਹਨ। ਪੰਜ ਮੁੱਖ ਬੈਂਕਾਂ ਵੱਲੋਂ ਸਵਿਫ਼ਟ ਪ੍ਰਣਾਲੀ ਤਹਿਤ ਰੂਸ ਦੇ ਬੈਂਕਾਂ ਨਾਲ ਲੈਣ-ਦੇਣ ਬੰਦ ਕਰਨ ਕਾਰਨ ਦੇਸ਼ ਦੇ ਵਪਾਰੀਆਂ ਦੇ ਅੱਠ ਹਜ਼ਾਰ ਕਰੋੜ ਦੀ ਰਕਮ ਫਸ ਗਈ ਹੈ। ਇਨ੍ਹਾਂ ’ਚ ਪੰਜਾਬ ਦੇ ਕਈ ਸਨਅਤਕਾਰ ਸ਼ਾਮਲ ਹਨ, ਜੋ ਰੂਸ ਤੇ ਯੂਕਰੇਨ ਦੇ ਸਨਅਤਕਾਰਾਂ ਨਾਲ ਵਪਾਰ ਕਰਦੇ ਹਨ। ਆਲ ਇੰਡਸਟਰੀ ਐਂਡ ਟਰੇਡ ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਦੱਸਿਆ ਕਿ ਅਪਰੈਲ ਤੋਂ ਲੈ ਕੇ ਦਸੰਬਰ ਤੱਕ 20 ਹਜ਼ਾਰ 200 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ। ਜੇ ਉਸ ਦਾ ਇੱਕ ਤਿਹਾਈ ਵੀ ਲਾਇਆ ਜਾਵੇ ਤਾਂ ਇਸ ਸਮੇਂ ਭਾਰਤੀ ਸਨਅਤਕਾਰਾਂ ਦੇ 7 ਤੋਂ 8 ਹਜ਼ਾਰ ਕਰੋੜ ਇਸ ਜੰਗ ਕਾਰਨ ਫਸੇ ਹੋਏ ਹਨ। ਇਸ ਦਾ ਕਾਰਨ ਰੂਸ ਖ਼ਿਲਾਫ਼ ਲਾਈਆਂ ਰੋਕਾਂ ਹਨ। ਇਸ ਤੋਂ ਇਲਾਵਾ ਦੋਵਾਂ ਮੁਲਕਾਂ ਦੇ ਬੈਂਕ ਬੰਦ ਪਏ ਹਨ। ਉਨ੍ਹਾਂ ਕਿਹਾ ਕਿ ਜੇ ਅਜਿਹਾ ਜਾਰੀ ਰਿਹਾ ਤਾਂ ਅੱਗੇ ਨੁਕਸਾਨ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਰੂਸ ਦੇ ਨਾਲ 20 ਹਜ਼ਾਰ 200 ਕਰੋੜ ਤੇ ਯੂਕਰੇਨ ਨਾਲ ਭਾਰਤੀ ਬਾਜ਼ਾਰ ’ਚੋਂ 3500 ਕਰੋੜ ਦਾ ਕਾਰੋਬਾਰ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸੱਟੇਬਾਜ਼ਾਂ ਨੇ ਭਾਅ ਵਧਾ ਦਿੱਤੇ ਹਨ। ਰੂਸ ਤੇ ਯੂਕਰੇਨ ਦੋਵਾਂ ਦੇਸ਼ਾਂ ’ਚੋਂ ਸਟੀਲ ਨਹੀਂ ਆਉਂਦਾ ਪਰ ਸਟੀਲ ਦੇ ਭਾਅ ਪੰਜ ਰੁਪਏ ਪ੍ਰਤੀ ਕਿਲੋ ਵਧਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਰੂਸ ਤੇ ਯੂਕਰੇਨ ਦੀ ਗੱਲ ਕੀਤੀ ਜਾਵੇ ਤਾਂ ਖਾਦ ਤੇਲ ਇੱਥੋਂ ਆਉਂਦਾ ਹੈ, ਜਿਸ ਦੇ ਭਾਅ ਕੁਝ ਵਧ ਗਏ ਹਨ ਤੇ ਅੱਗੇ ਵੀ ਵਧਣ ਦੇ ਆਸਾਰ ਹਨ।