ਗਗਨਦੀਪ ਅਰੋੜਾ
ਲੁਧਿਆਣਾ, 2 ਫਰਵਰੀ
ਲੁਧਿਆਣਾ ਤੋਂ ਨਰੂਲਾ ਪਰਿਵਾਰ ਨੇ ਅੱਜ ਕਿਸਾਨੀ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਆਪਣੀ ਦੁਕਾਨ ਤੋਂ 20 ਕਿੱਲੋਵਾਟ ਦਾ ਜੈਨਰੇਟਰ ਲਾਹ ਕੇ ਦਿੱਲੀ ਦੀ ਸਿੰਘੂ ਹੱਦ ’ਤੇ ਚੱਲ ਰਹੇ ਕਿਸਾਨ ਅੰਦੋਲਨ ਲਈ ਭੇਜ ਦਿੱਤਾ। ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਹੈ, ਇਹ ਪਰਿਵਾਰ ਉਸੇ ਦਿਨ ਤੋਂ ਸੋਸ਼ਲ ਮੀਡੀਆ ’ਤੇ ਕਿਸਾਨਾਂ ਦੇ ਹੱਕ ਵਿਚ ਨਿੱਤਰਿਆ ਹੋਇਆ ਹੈ। ਲੁਧਿਆਣਾ ਦੇ ਰਾਜਗੁਰੂ ਨਗਰ ਤੋਂ ਆਪਣੇ ਪ੍ਰੋਡਕਸ਼ਨ ਹਾਊਸ ਦੀ ਦੁਕਾਨ ਤੋਂ ਇਹ ਜੈਨਰੇਟਰ ਲਾਹ ਕੇ ਅੱਜ ਦਿੱਲੀ ਭੇਜਿਆ ਹੈ। ਇਸ ਜੈਨਰੇਟਰ ਨੂੰ ਟਰਾਲੀ ’ਚ ਫਿਟ ਕੀਤਾ ਗਿਆ ਹੈ ਤੇ ਲੋੜ ਪੈਣ ’ਤੇ ਕਿਤੇ ਵੀ ਲਿਜਾਇਆ ਜਾ ਸਕੇਗਾ। ਇਸ ਨਾਲ ਕਰੀਬ 100 ਟਰਾਲੀਆਂ ਨੂੰ ਬਿਜਲੀ ਦਿੱਤੀ ਜਾ ਸਕੇਗੀ। ਜਗਰਾਉਂ ਦੇ ਵਸਨੀਕ ਕਪਿਲ ਨਰੂਲਾ, ਉਨ੍ਹਾਂ ਦੇ ਬੱਚੇ ਸਮਰੀਤ ਨਰੂੁਲਾ ਤੇ ਨੂੰਹ ਅਰਸ਼ਰੀਤ ਨਰੂਲਾ ਯੂ-ਟਿਊਬ ਚੈਨਲ ਚਲਾਉਂਦੇ ਹਨ, ਜਿਨ੍ਹਾਂ ਦੇ 10 ਲੱਖ ਤੋਂ ਵੱਧ ਦਰਸ਼ਕ ਹਨ। ਉਨ੍ਹਾਂ ਦੱਸਿਆ ਕਿ ਉਹ ਪਹਿਲੇ ਦਿਨ ਤੋਂ ਕਿਸਾਨੀ ਅੰਦੋਲਨ ਵਿਚ ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਦਾ ਪਰਿਵਾਰ ਕਈ ਵਾਰ ਸਿੰਘੂ ਤੇ ਟਿਕਰੀ ਬਾਰਡਰ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਹੁਣ 26 ਜਨਵਰੀ ਨੂੰ ਲਾਲ ਕਿਲੇ ਘਟਨਾ ਤੋਂ ਬਾਅਦ ਸਰਕਾਰ ਲਗਾਤਾਰ ਕਿਸਾਨਾਂ ’ਤੇ ਦਬਾਅ ਬਣਾਉਣ ਲਈ ਪਹਿਲਾਂ ਇੰਟਰਨੈੱਟ, ਫਿਰ ਬਿਜਲੀ ਤੇ ਪਾਣੀ ਬੰਦ ਕਰ ਰਹੀ ਹੈ। ਉਨ੍ਹਾਂ ਖਾਲਸਾ ਏਡ ਨਾਲ ਗੱਲ ਕਰਕੇ ਆਪਣੀ ਦੁਕਾਨ ’ਤੇ ਲਾਇਆ ਜੈਨਰੇਟਰ ਦੇਣ ਬਾਰੇ ਸੋਚਿਆ ਸੀ। ਕਪਿਲ ਨਰੂਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਿਸ ਵੀ ਥਾਂ ’ਤੇ ਪਾਣੀ ਦੀ ਜ਼ਰੂਰਤ ਸੀ, ਉਥੇ ਪਾਣੀ ਵੀ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖਾਲਸਾ ਏਡ ਨੂੰ ਕਿਹਾ ਹੈ ਕਿ ਕਿਸਾਨੀ ਅੰਦੋਲਨ ਵਿਚ ਜਿਸ ਵੀ ਸਾਮਾਨ ਦੀ ਜਰੂਰਤ ਹੋਵੇਗੀ, ਉਹ ਹਰ ਹਾਲ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ।