ਸੰਜੀਵ ਬੱਬੀ
ਚਮਕੌਰ ਸਾਹਿਬ, 2 ਸਤੰਬਰ
ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਸੀਟੂ ਦੇ ਮੈਂਬਰਾਂ ਦੀ ਮੀਟਿੰਗ ਇੱਥੇ ਤਹਿਸੀਲ ਪ੍ਰਧਾਨ ਜਗਦੀਸ਼ ਸਿੰਘ ਜਿੰਦਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਸ੍ਰੀ ਨੀਲੋਂ ਨੇ ਕਿਹਾ ਕਿ ਯੂਨੀਅਨ ਦੇ ਵਫ਼ਦ ਵੱਲੋਂ ਸੂਬੇ ਦੇ ਮੁੱਖ ਮੰਤਰੀ ਤੇ ਮਾਲ ਮੰਤਰੀ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ ਹਨ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣ, ਜਿਸ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਮੰਗਾਂ ਜਲਦੀ ਹੀ ਲਾਗੂ ਕੀਤੀਆਂ ਜਾਣਗੀਆਂ, ਪਰ ਅਜੇ ਤੱਕ ਕੋਈ ਵੀ ਮੰਗ ਪ੍ਰਵਾਨ ਨਹੀਂ ਕੀਤੀ ਗਈ। ਉਨ੍ਹਾਂ ਮੁੜ ਮੰਗ ਕਰਦਿਆਂ ਕਿਹਾ ਕਿ ਪੇਂਡੂ ਚੌਂਕੀਦਾਰਾਂ ਨੂੰ ਕਿਰਤ ਕਾਨੂੰਨ ਦੇ ਘੇਰੇ ਵਿੱਚ ਸ਼ਾਮਲ ਕਰ ਕੇ 21 ਹਜ਼ਾਰ ਰੁਪਏ ਮਾਣਭੱਤਾ ਦਿੱਤਾ ਜਾਵੇ ਤੇ ਸਾਲ ਦੌਰਾਨ ਦੋ ਵਰਦੀਆਂ ਸਮੇਤ ਜਨਮ ਤੇ ਮੌਤ ਲਿਖਣ ਦਾ ਅਧਿਕਾਰ ਚੌਂਕੀਦਾਰਾਂ ਨੂੰ ਵਾਪਸ ਦਿੱਤਾ ਜਾਵੇ। ਬੁਢਾਪਾ ਪੈਨਸ਼ਨ 3 ਹਜ਼ਾਰ ਰੁਪਏ, ਚੌਕੀਦਾਰ ਦਾ ਬੀਮਾ 50 ਲੱਖ ਰੁਪਏ ਕਰਨ ਤੇ ਉਸ ਦੇ ਪਰਿਵਾਰ ਦਾ ਮੁਫ਼ਤ ਇਲਾਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਕਤ ਮੰਗਾਂ ਨਾ ਮੰਨਣ ਕਾਰਨ ਚੌਕੀਦਾਰਾਂ ਵੱਲੋਂ ਠਿੱਕਰੀ ਪਹਿਰਾ ਤੇ ਸਰਕਾਰੀ ਕੰਮਾਂ ਦਾ ਵੀ ਬਾਈਕਾਟ ਕੀਤਾ ਹੋਇਆ ਹੈ, ਪਰ ਪੁਲੀਸ ਵਿਭਾਗ ਅਤੇ ਸਰਪੰਚ ਚੌਕੀਦਾਰਾਂ ’ਤੇ ਉਕਤ ਕੰਮ ਕਰਨ ਦੇ ਦਬਾਅ ਪਾ ਰਹੇ ਹਨ। ਸ੍ਰੀ ਨੀਲੋਂ ਨੇ ਕਿਹਾ ਕਿ 15 ਸਤੰਬਰ ਨੂੰ ਪੰਜਾਬ ਭਰ ਵਿੱਚ ਪੈਦਲ ਮਾਰਚ ਕਰ ਕੇ ਸਰਕਾਰ ਨੂੰ ਹੱਕੀ ਮੰਗਾਂ ਲਈ ਜਗਾਉਣਗੇ ਤੇ 22 ਸਤੰਬਰ ਨੂੰ ਮੁਹਾਲੀ ਵਿਚ ਕਿਰਤ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।