ਸੰਜੀਵ ਬੱਬੀ
ਚਮਕੌਰ ਸਾਹਿਬ, 1 ਜਨਵਰੀ
ਲਾਲ ਝੰਡਾ ਪੇਂਡੂ ਚੌਕੀਦਾਰਾ ਯੂਨੀਅਨ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਤੋਂ ਬਾਅਦ ਇੱਥੋਂ ਦੇ ਬਜ਼ਾਰਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ ਗਿਆ ਅਤੇ ਮੁੱਖ ਮੰਤਰੀ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕੁਝ ਸਮੇਂ ਲਈ ਆਵਾਜਾਈ ਵੀ ਠੱਪ ਕੀਤੀ ਗਈ।
ਯੂਨੀਅਨ ਦੇ ਮੀਤ ਪ੍ਰਧਾਨ ਜਗਦੀਸ਼ ਸਿੰਘ ਜਿੰਦਰ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 30 ਦਸੰਬਰ ਨੂੰ ਇੱਥੇ ਅਨਾਜ ਮੰਡੀ ਵਿੱਚ ਸੂਬਾ ਪੱਧਰੀ ਸਮਾਗਮ ਦੌਰਾਨ ਆਸ਼ਾ ਵਰਕਰਾਂ ਅਤੇ ਮਿਡ-ਡੇਅ ਮੀਲ ਵਰਕਰਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਕੇ ਗਏ ਸਨ ਪਰ ਪੇਂਡੂ ਚੌਕੀਦਾਰਾਂ ਲਈ ਕੁਝ ਵੀ ਐਲਾਨ ਨਹੀਂ ਕੀਤਾ ਜਦੋਂ ਕਿ ਉਨ੍ਹਾਂ ਵੱਲੋਂ ਚੌਕੀਦਾਰਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹ ਚੌਕੀਦਾਰਾਂ ਲਈ ਮਾਣ ਭੱਤੇ ਵਿੱਚ ਵਾਧਾ ਕਰਨਗੇ ਪਰ ਸ੍ਰੀ ਚੰਨੀ ਨੇ 30 ਦਸੰਬਰ ਨੂੰ ਵੀ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਸ੍ਰੀ ਜਿੰਦਰ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਵਫਦ ਨੂੰ ਇੱਕ ਅਧਿਕਾਰੀ ਵੱਲੋਂ ਸ੍ਰੀ ਚੰਨੀ ਨਾਲ ਸਿਟੀ ਸੈਂਟਰ ਵਿੱਚ ਮੀਟਿੰਗ ਕਰਨ ਲਈ ਬੁਲਾਇਆ ਗਿਆ ਪਰ ਹੈਰਾਨੀ ਉਦੋਂ ਹੋਈ ਜਦੋਂ ਸ੍ਰੀ ਚੰਨੀ ਸਮਾਗਮ ਤੋਂ ਬਾਅਦ ਚੌਕੀਦਾਰਾਂ ਨਾਲ ਮੀਟਿੰਗ ਕੀਤੇ ਬਗੈਰ ਹੀ ਵਾਪਸ ਚਲੇ ਗਏ। ਇਸ ਦੇ ਰੋਸ ਵਜੋਂ ਪੇਂਡੂ ਚੌਕੀਦਾਰ ਯੂਨੀਅਨ ਵੱਲੋਂ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕਰ ਕੇ ਮੁੱਖ ਮੰਤਰੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸੁਖਵਿੰਦਰ ਸਿੰਘ, ਮੇਵਾ ਸਿੰਘ, ਨਸੀਬ ਸਿੰਘ, ਜੋਗਾ ਸਿੰਘ, ਸੱਜਣ ਸਿੰਘ, ਲਾਭ ਸਿੰਘ, ਲਖਣਪਾਲ ਸਿੰਘ, ਸੰਤ ਸਿੰਘ, ਸੁਰਮੁੱਖ ਸਿੰਘ ਅਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।