ਪੱਤਰ ਪ੍ਰੇਰਕ
ਰੂਪਨਗਰ, 31 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਕਲਾਸ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਰੂਪਨਗਰ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਜ਼ਿਲ੍ਹਾ ਰੂਪਨਗਰ ਦੇ ਸਮੂਹ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਜ਼ਿਲ੍ਹਾ ਸਿੱਖਿਆ ਅਫਸਰ ਰਾਜ ਕੁਮਾਰ ਖੋਸਲਾ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ 7414 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋ 7382 ਬੱਚੇ ਪਾਸ ਹੋਏ । ਪਾਸ ਪ੍ਰਤੀਸ਼ਤਤਾ 99.57 ਰਹੀ।
ਮੁੱਲਾਂਪੁਰ ਗ਼ਰੀਬਦਾਸ (ਪੱਤਰ ਪ੍ਰੇਰਕ): ਰਤਵਾੜਾ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਦਾ ਸੀਬੀਐੱਸਈ ਵੱਲੋਂ ਐਲਾਨਿਆਂ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਰਿੱਤੂ ਉਬਰਾਏ ਨੇ ਦੱਸਿਆ ਕਿ ਸਕੂਲ ਦੇ 72 ਵਿਦਿਆਰਥੀਆਂ ਨੇ ਸੌ ਫ਼ੀਸਦੀ ਅੰਕ ਹਾਸਲ ਕੀਤੇ ਹਨ। ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸੰਤ ਲਖਬੀਰ ਸਿੰਘ ਅਤੇ ਸਕੂਲਾਂ ਦੇ ਡਾਇਰਕੈਟਰ ਇੰਜੀਨੀਅਰ ਜਸਵੰਤ ਸਿੰਘ ਸਿਆਣ ਨੇ ਵਿਦਿਆਰਥੀਆਂ ਦਾ ਸਨਮਾਨ ਕੀਤਾ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਦੇ ਕਈ ਸਕੂਲਾਂ ਦੇ ਬੱਚਿਆਂ ਨੇ ਸੀਬੀਐੱਸਈ ਦੇ 12ਵੀਂ ਦੇ ਇਮਤਿਹਾਨਾਂ ਵਿੱਚ ਬਾਜ਼ੀ ਮਾਰੀ ਹੈ। ਪੰਚਕੂਲਾ ਦਾ ਹਿਤੇਸ਼ਵਰ ਸ਼ਰਮਾ ਨੇ ਟ੍ਰਾਈਸਿਟੀ ਵਿੱਚੋਂ ਟਾਪ ਕੀਤਾ ਅਤੇ 99.8 ਫ਼ੀਸਦੀ ਅੰਕ ਪ੍ਰਾਪਤ ਕੀਤੇ।
ਕਿਸਾਨਾਂ ਦੀਆਂ ਧੀਆਂ ਨੇ ਗੱਡੇ ਸਫ਼ਲਤਾ ਦੇ ਝੰਡੇ
ਬਨੂੜ: ਪਿੰਡ ਜੰਗਪੁਰਾ ਦੇ ਸੰਘਰਸ਼ੀ ਕਿਸਾਨ ਸੁਖਦੇਵ ਸਿੰਘ ਦੀ ਧੀ ਹਸਲੀਨ ਕੌਰ ਨੇ ਟਰਾਈਸਿਟੀ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਸੈਕਟਰ 22-ਡੀ ਚੰਡੀਗੜ੍ਹ ਦੇ ਸਿਸ਼ੂ ਨਿਕੇਤਨ ਸਕੂਲ ਦੀ ਵਿਦਿਆਰਥਣ ਹਸਲੀਨ ਨੇ ਸੀਬੀਐੱਸਈ ਦੀ 12ਵੀਂ (ਕਾਮਰਸ) ਵਿੱਚ 98.8 ਫ਼ੀਸਦੀ ਹਾਸਲ ਕਰ ਕੇ ਸਮੁੱਚੇ ਟਰਾਈਸਿਟੀ ਦੇ ਸਕੂਲਾਂ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਉਹ ਸਾਧਾਰਨ ਕਿਸਾਨੀ ’ਚੋਂ ਹੈ ਅਤੇ ਉਸ ਦਾ ਪਰਿਵਾਰ ਲਗਾਤਾਰ ਕਿਸਾਨ ਸੰਘਰਸ਼ ਦਾ ਹਿੱਸਾ ਹੈ। ਇਸੇ ਤਰ੍ਹਾਂ ਬੀਕੇਯੂ (ਸਿੱਧੂਪੁਰ) ਦੇ ਸਰਕਲ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ ਦੀ ਪੁੱਤਰੀ ਸਿਮਰਨਜੀਤ ਕੌਰ ਨੇ ਕਾਮਰਸ ਗਰੁੱਪ ਵਿੱਚੋਂ 500 ਵਿੱਚੋਂ 472 ਅੰਕ ਹਾਸਲ ਕੀਤੇ ਹਨ। ਉਧਰ, ਸੀਬੀਐੱਸਈ ਵੱਲੋਂ ਐਲਾਨੇ ਨਤੀਜਿਆਂ ਵਿੱਚ ਹੈਂਡਰਸਨ ਜੁਬਲੀ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ।